ਅੰਮ੍ਰਿਤਸਰ:ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਪੰਜਾਬ ਰਾਜ ਫੂਡ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਡੇਰਾ ਬਿਆਸ ਵਿਖੇ ਇੱਕ ਰੂਹਾਨੀ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਦੌਰਾਨ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ, ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਚੰਡੀਗੜ੍ਹ ਦੇ ਪ੍ਰਧਾਨ ਪਰਵੀਨ ਸੰਧੂ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਮੁਲਤਾਨੀ, ਨਵਜੋਤ ਸੰਧੂ, ਅਰਸ਼ਦੀਪ ਸਿੰਘ, ਆਸਟਰੇਲੀਆ ਤੋਂ ਆਏ ਵਿੱਦਿਅਕ ਅਦਾਰਿਆਂ ਦੇ ਮਾਲਕ ਗੌਰਵ ਮਲਹੋਤਰਾ ਅਤੇ ਉਹਨਾਂ ਦੀ ਧਰਮ ਪਤਨੀ ਸੰਦੀਪ ਕੌਰ ਸ਼ਾਮਿਲ ਸਨ। ਉਕਤ ਸਮੂਹ ਵੱਲੋਂ ਡੇਰਾ ਬਿਆਸ ਮੁਖੀ ਨਾਲ ਮੁਲਕਾਤ ਦੌਰਾਨ ਦਰਸ਼ਨ ਕਰਨ ਤੋਂ ਇਲਾਵਾ ਸ਼ਰਧਾਲੂਆਂ ਨੂੰ ਪੌਸ਼ਟਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਲਈ ਕੁਝ ਬੇਨਤੀਆਂ ਵੀ ਕੀਤੀਆਂ ਗਈਆਂ।
ਕਮਿਊਨਿਟੀ ਕਿਚਨ ਦੀ ਕਾਰਗੁਜ਼ਾਰੀ
ਸਾਡੇ ਪ੍ਰਤੀਨਿਧੀ ਨਾਲ ਫੋਨ 'ਤੇ ਗੱਲਬਾਤ ਦੌਰਾਨ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਮੁਲਾਕਾਤ ਮੌਕੇ ਕਮਿਊਨਿਟੀ ਕਿਚਨ ਦੀ ਕਾਰਗੁਜ਼ਾਰੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਏ ਜਾਣ ਦੀ ਚਰਚਾ ਕਰਦਿਆਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੁੱਝ ਸੁਝਾਅ ਸਾਂਝੇ ਕੀਤੇ ਹਨ ਕਿ ਹੁਣ ਅਸੀਂ ਨਿਊਟਰੀਸ਼ਨਲ ਸੈਕਿਊਰਿਟੀ ਵੱਲ ਵੱਧ ਰਹੇ ਹਾਂ। ਉਨ੍ਹਾਂ ਕਿਹਾ ਕਿ ਕਮਿਊਨਿਟੀ ਕਿਚਨ ਰਾਹੀਂ ਮਿਲਟ ਬੇਸਡ ਫੂਡ (ਮੋਟਾ ਅਨਾਜ਼) ਜਾਂ ਪੋਸ਼ਟਿਕ ਭੋਜਨ ਨੂੰ ਖਾਸ ਤੌਰ 'ਤੇ ਆਪਣੇ ਖਾਣੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਬਿਹਤਰ ਹੋ ਸਕੇ। ਚੇਅਰਮੈਨ ਸ਼ਰਮਾ ਨੇ ਮੈਡੀਸਨਲ ਅਤੇ ਹਰਬਲ ਪੌਦਿਆਂ ਤੋਂ ਮਸਾਲਿਆਂ ਦਾ ਉਤਪਾਦ ਕਰਕੇ ਉਨ੍ਹਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਨ ਦੇ ਲਈ ਸੁਝਾਅ ਰੱਖੇ ਅਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਮਿਲਟ (ਮੋਟੇ ਅਨਾਜ਼) ਬੀਜਣ ਦੇ ਲਈ ਪ੍ਰੇਰਨਾ ਕਰਨ ਲਈ ਬੇਨਤੀ ਕੀਤੀ।