ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਢਿੱਲੀ ਖਰੀਦ ਦੇ ਵਿਰੋਧ ਵਿੱਚ ਅੱਜ ਸ਼ੁੱਕਰਵਾਰ ਨੂੰ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਮੁੱਖ ਸੜਕਾਂ ਜਾਮ ਕਰਨਗੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ। ਜਿਸ ਦੇ ਚੱਲਦੇ ਅੱਜ ਕਿਸਾਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚਾਰ ਘੰਟੇ ਲਈ ਸੂਬੇ ਭਰ ਦੀਆਂ ਮੰਡੀਆਂ ਦੇ ਆਸ-ਪਾਸ ਦੀਆਂ ਮੁੱਖ ਸੜਕਾਂ ਜਾਮ ਕਰਨਗੇ।
ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਬੀਤੇ ਦਿਨੀਂ ਕਿਹਾ ਸੀ ਕਿ ਸੜਕਾਂ ਜਾਮ ਕਰਨ ਦਾ ਫੈਸਲਾ 19 ਅਕਤੂਬਰ ਨੂੰ ਹੀ ਲੈ ਲਿਆ ਗਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਸੂਬਾ ਸਰਕਾਰ ਚਾਰ ਦਿਨਾਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਤਾਂ ਵੱਡਾ ਫੈਸਲਾ ਲਿਆ ਜਾਵੇਗਾ।
ਡੀਸੀ ਦਫ਼ਤਰਾਂ ਦਾ ਘਿਰਾਓ ਕਰਨ ਦੀ ਤਿਆਰੀ
ਇਸ ਦੇ ਨਾਲ ਹੀ ਕਿਸਾਨ ਆਗੂ ਰਮਿੰਦਰ ਪਟਿਆਲਾ ਨੇ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ 29 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਵੱਲੋਂ ਅਨਾਜ ਮੰਡੀਆਂ ਦਾ ਦੌਰਾ ਕਰਨ 'ਤੇ ਕਾਲੇ ਝੰਡੇ ਦਿਖਾਏ ਜਾਣਗੇ।
26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਸੜਕਾਂ ਜਾਮ
ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਦੇ ਖਿਲਾਫ ਹੋ ਗਈਆਂ ਹਨ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ 26 ਅਕਤੂਬਰ ਨੂੰ ਮਾਝਾ-ਮਾਲਵਾ-ਦੁਆਬਾ ਖੇਤਰ ਵਿੱਚ ਹਾਈਵੇਅ ਜਾਮ ਕੀਤੇ ਜਾਣਗੇ। ਇਹ ਅੰਦੋਲਨ 26 ਅਕਤੂਬਰ ਨੂੰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ ਅਤੇ ਮੰਗਾਂ ਪੂਰੀਆਂ ਹੋਣ ਤੱਕ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਇਹ ਅੰਦੋਲਨ ਪਰਾਲੀ ਸਾੜਨ ਨੂੰ ਲੈਕੇ ਦਰਜ FIR, ਝੋਨੇ ਦੀ ਢਿੱਲੀ ਖਰੀਦ ਅਤੇ ਡੀ.ਏ.ਪੀ.ਏ. ਦੇ ਮੁੱਦਿਆਂ 'ਤੇ ਹੋਵੇਗਾ।
ਇਹ ਨੇ ਕਿਸਾਨਾਂ ਦੀਆਂ ਮੁੱਖ ਮੰਗਾਂ
ਕਿਸਾਨਾਂ ਵਲੋਂ ਜਿੰਨ੍ਹਾਂ ਮੰਗਾਂ ਨੂੰ ਲੈਕੇ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ 'ਚ ਸਭ ਤੋਂ ਪਹਿਲਾਂ ਤੇ ਮੁੱਖ ਮੰਗ ਹੈ ਕਿ ਝੋਨੇ ਦੀ ਖਰੀਦ ਜਲਦੀ ਤੋਂ ਜਲਦੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਪਰਾਲੀ ਸਾੜਨ ਵਿਰੁੱਧ ਦਰਜ ਐਫਆਈਆਰ ਰੱਦ ਕੀਤੀਆਂ ਜਾਣ। ਡੀਏਪੀ ਖਾਦ ਦੀ ਸਪਲਾਈ ਵਿੱਚ ਕਮੀ ਦੂਰ ਕੀਤੀ ਜਾਵੇ। ਫਸਲਾਂ ਦੇ ਵਾਜਬ ਭਾਅ ਯਕੀਨੀ ਬਣਾਏ ਜਾਣ।
ਸੜਕਾਂ ਜਾਮ ਦੌਰਾਨ SKM ਦੀਆਂ ਹਦਾਇਤਾਂ
ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਚੱਕਾ ਜਾਮ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਸ ਸਬੰਧੀ ਕੁੱਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਇਹ ਨੇ SKM ਦੀਆਂ ਹਦਾਇਤਾਂ
- ਜਾਮ ਦੌਰਾਨ ਵੱਧ ਤੋਂ ਵੱਧ ਗਿਣਤੀ ਵਿੱਚ ਲਾਮਬੰਦੀ ਯਕੀਨੀ ਬਣਾਈ ਜਾਵੇ। ਵੱਡੀ ਗਿਣਤੀ ਵਿੱਚ ਲਾਮਬੰਦੀ ਮਸਲੇ ਦੇ ਹੱਲ ਦਾ ਗੁਰਮੰਤਰ ਹੈ। ਚੱਕਾ ਜਾਮ ਲਈ ਮੰਡੀਆਂ ਨੇੜਲੇ ਕੌਮੀ ਅਤੇ ਰਾਜ ਮਾਰਗ ਚੁਣੇ ਜਾਣ ਤਾਂ ਬਿਹਤਰ ਹੋਵੇਗਾ।
- ਚੱਕਾ ਜਾਮ ਦੌਰਾਨ ਸ਼ਾਂਤੀ ਅਤੇ ਧੀਰਜ ਨੂੰ ਬਰਕਰਾਰ ਰੱਖਿਆ ਜਾਵੇ।
- ਆਮ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਹਮਦਰਦੀ ਪੂਰਨ ਵਿਵਹਾਰ ਕੀਤਾ ਜਾਵੇ। ਦਿੱਲੀ ਮੋਰਚੇ ਦੀ ਸਫਲਤਾ ਦਾ ਸਬਕ 'ਸ਼ਾਂਤਮਈ ਅਤੇ ਦ੍ਰਿੜ੍ਹ ਸੰਘਰਸ਼' ਨੂੰ ਯਾਦ ਰੱਖਿਆ ਜਾਵੇ।
- ਬਰਾਤ, ਮਰਗਤ/ਸ਼ੋਕ, ਮਰੀਜ਼ਾਂ,ਹਵਾਈ ਉਡਾਣ ਲਈ ਜਾਣ ਵਾਲੇ ਵਾਹਨਾਂ ਅਤੇ ਐਂਬੂਲੈਂਸ ਨੂੰ ਜਾਮ ਦੌਰਾਨ ਲਾਂਘਾ ਦੇਣ ਦੀ ਪੁਰਾਣੀ ਅਸੂਲੀ ਨੀਤੀ ਦੀ ਪਾਲਣਾ ਯਕੀਨੀ ਬਣਾਈ ਜਾਵੇ।