ਬੈਂਗਲੁਰੂ:IPL 2024 ਦਾ 15ਵਾਂ ਮੈਚ ਅੱਜ ਬੈਂਗਲੁਰੂ ਬਨਾਮ ਲਖਨਊ ਸੁਪਰਜਾਇੰਟਸ ਵਿਚਾਲੇ ਖੇਡਿਆ ਗਿਆ। ਲਖਨਊ ਸੁਪਰਜਾਇੰਟਸ (LSG) ਨੇ ਇੰਡੀਅਨ ਪ੍ਰੀਮੀਅਰ ਲੀਗ-2024 (IPL) ਦੇ 15ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ 28 ਦੌੜਾਂ ਨਾਲ ਹਰਾਇਆ। ਐਲਐਸਜੀ ਨੇ ਮੌਜੂਦਾ ਸੀਜ਼ਨ ਵਿੱਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਲਖਨਊ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਆ ਗਿਆ ਹੈ, ਜਦਕਿ ਬੈਂਗਲੁਰੂ ਨੌਵੇਂ ਸਥਾਨ 'ਤੇ ਹੈ।
ਬੈਂਗਲੁਰੂ ਨੇ ਮੰਗਲਵਾਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ 'ਚ 5 ਵਿਕਟਾਂ 'ਤੇ 181 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਬੇਂਗਲੁਰੂ ਦੀ ਟੀਮ ਆਪਣੇ ਘਰੇਲੂ ਮੈਦਾਨ 'ਤੇ 19.4 ਓਵਰਾਂ 'ਚ 153 ਦੌੜਾਂ 'ਤੇ ਆਲ ਆਊਟ ਹੋ ਗਈ। ਮਯੰਕ ਯਾਦਵ ਨੇ 3 ਵਿਕਟਾਂ ਲਈਆਂ। ਉਹ ਲਗਾਤਾਰ ਦੂਜੇ ਮੈਚ ਦਾ ਪਲੇਅਰ ਆਫ ਦਿ ਮੈਚ ਰਿਹਾ।
ਡੀ ਕਾਕ ਦਾ ਅਰਧ ਸੈਂਕੜਾ, ਮਯੰਕ ਯਾਦਵ ਦੀਆਂ ਤਿੰਨ ਵਿਕਟਾਂ:-
ਐਲਐਸਜੀ ਲਈ ਕਵਿੰਟਨ ਡੀ ਕਾਕ ਨੇ 56 ਗੇਂਦਾਂ 'ਤੇ 81 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 8 ਚੌਕੇ ਅਤੇ 5 ਛੱਕੇ ਲਗਾਏ। ਮਾਰਕਸ ਸਟੋਇਨਿਸ ਨੇ 24 ਦੌੜਾਂ ਅਤੇ ਕਪਤਾਨ ਕੇਐੱਲ ਰਾਹੁਲ ਨੇ 20 ਦੌੜਾਂ ਦੀ ਛੋਟੀ ਪਾਰੀ ਖੇਡੀ। ਅੰਤ ਵਿੱਚ ਨਿਕੋਲਸ ਪੂਰਨ ਨੇ 21 ਗੇਂਦਾਂ ਵਿੱਚ 5 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਗਲੇਨ ਮੈਕਸਵੈੱਲ ਨੇ ਸਭ ਤੋਂ ਵੱਧ 2 ਵਿਕਟਾਂ ਹਾਸਲ ਕੀਤੀਆਂ।
ਦੌੜਾਂ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਵੱਲੋਂ ਵਿਰਾਟ ਕੋਹਲੀ ਨੇ 22 ਅਤੇ ਫਾਫ ਡੂ ਪਲੇਸਿਸ ਨੇ 19 ਦੌੜਾਂ ਬਣਾਈਆਂ। ਨੰਬਰ-3 'ਤੇ ਰਜਤ ਪਾਟੀਦਾਰ ਨੇ 29 ਦੌੜਾਂ ਬਣਾਈਆਂ। ਫਿਰ ਪ੍ਰਭਾਵੀ ਖਿਡਾਰੀ ਵਜੋਂ ਆਏ ਮਹੀਪਾਲ ਲੋਮਰੋਰ ਨੇ 13 ਗੇਂਦਾਂ 'ਤੇ 33 ਦੌੜਾਂ ਬਣਾਈਆਂ। ਗੇਂਦਬਾਜ਼ੀ 'ਚ ਮਯੰਕ ਯਾਦਵ ਨੇ 3 ਵਿਕਟਾਂ ਲਈਆਂ। ਨਵੀਨ-ਉਲ-ਹੱਕ ਦੇ ਖਾਤੇ 'ਚ 2 ਸਫਲਤਾਵਾਂ ਆਈਆਂ।
ਲਖਨਊ ਟਾਪ-4 'ਚ, ਬੈਂਗਲੁਰੂ 9ਵੇਂ ਨੰਬਰ 'ਤੇ ਖਿਸਕੀ: ਲਖਨਊ ਨੇ ਮੌਜੂਦਾ ਸੀਜ਼ਨ 'ਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਪਿਛਲੇ ਮੈਚ ਵਿੱਚ ਪੰਜਾਬ ਨੂੰ ਹਰਾਇਆ ਸੀ, ਐਲਐਸਜੀ ਆਪਣੇ ਸ਼ੁਰੂਆਤੀ ਮੈਚ ਵਿੱਚ ਰਾਜਸਥਾਨ ਤੋਂ ਹਾਰ ਗਈ ਸੀ। ਟੀਮ ਨੇ 3 'ਚੋਂ 2 ਮੈਚ ਜਿੱਤ ਕੇ 4 ਅੰਕ ਹਾਸਲ ਕੀਤੇ ਹਨ।
ਦੂਜੇ ਪਾਸੇ, ਰਾਇਲ ਚੈਲੰਜਰਜ਼ ਬੈਂਗਲੁਰੂ ਸੀਜ਼ਨ 'ਚ ਆਪਣਾ ਤੀਜਾ ਮੈਚ ਹਾਰ ਗਈ ਹੈ। ਬੈਂਗਲੁਰੂ ਦੀ ਘਰੇਲੂ ਮੈਦਾਨ 'ਤੇ ਇਹ ਲਗਾਤਾਰ ਦੂਜੀ ਹਾਰ ਹੈ। ਟੀਮ ਨੂੰ ਚੇਨਈ ਅਤੇ ਕੋਲਕਾਤਾ ਨੇ ਹਰਾਇਆ ਹੈ। ਬੈਂਗਲੁਰੂ ਦੀ ਇਕਲੌਤੀ ਜਿੱਤ ਪੰਜਾਬ ਖਿਲਾਫ ਆਈ ਹੈ। ਟੀਮ ਅੰਕ ਸੂਚੀ 'ਚ ਨੌਵੇਂ ਸਥਾਨ 'ਤੇ ਹੈ। ਆਰਸੀਬੀ ਨੇ 4 ਵਿੱਚੋਂ 1 ਮੈਚ ਜਿੱਤਿਆ ਅਤੇ ਸਿਰਫ਼ 2 ਅੰਕ ਹੀ ਹਾਸਲ ਕੀਤੇ।