ਸ੍ਰੀ ਮੁਕਤਸਰ ਸਾਹਿਬ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਨੂੰ ਦਿੱਲੀ ਜਿੱਤ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਸਿਰ ਝੁਕਾ ਕੇ ਦਿੱਲੀ ਵਾਸੀਆਂ ਦੇ ਫਤਵੇ ਨੂੰ ਪ੍ਰਵਾਨ ਕਰਦੇ ਹਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਪ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਦਿੱਲੀ ਦੀਆਂ ਚੋਣਾਂ 'ਚ ਆਪ ਦਾ ਦੋਗਲਾ ਕਿਰਦਾਰ ਨੰਗਾ ਹੋ ਗਿਆ ਹੈ। ਜਿਸ ਨਾਲ ਆਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਤੋਂ ਜਨਤਾ ਅੱਕ ਚੁਕੀ ਸੀ ਅਤੇ 'ਆਪ' ਲੋਕਾਂ ਦੀ ਉਮੀਦਾਂ 'ਤੇ ਖਰਾ ਨਹੀਂ ਉਤਰੀ ਤਾਂ ਲੋਕਾਂ ਨੇ ਸਰਕਾਰ ਬਦਲ ਦਿੱਤੀ।
ਆਪ ਦੇ ਝੂਠੇ ਵਾਅਦਿਆਂ ਤੋਂ ਅੱਕੀ ਜਨਤਾ
ਉਨ੍ਹਾਂ ਕਿਹਾ ਕਿ ਇਹ ਸਾਡੇ (ਕਾਂਗਰਸ) ਨਾਲ ਸਾਲ 2022 ਵਿੱਚ ਹੋਇਆ ਸੀ। ਆਮ ਆਦਮੀ ਪਾਰਟੀ ਪੰਜਾਬ 'ਚ ਬਦਲਾਅ ਦਾ ਨਾਅਰਾ ਲੈ ਕੇ ਆਈ ਸੀ। ਉਹ ਹੁਣ ਦਿੱਲੀ ਵਿੱਚ ਬਦਲਾਅ ਲੈ ਕੇ ਆਏ ਹਨ। ਲੋਕਾਂ ਨੇ ਆਪਣਾ ਗੁੱਸਾ ਆਮ ਆਦਮੀ ਪਾਰਟੀ 'ਤੇ ਕੱਢਿਆ ਹੈ। 'ਆਪ' ਨੂੰ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ ਸੀ ਜਿੰਨਾ ਹੋ ਸਕੇ ਉਨੀਂ ਹੀ ਗੱਲ ਕਰੋ। ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਕੀਤੇ ਸਨ ਅਤੇ ਹੁਣ ਜਨਤਾ ਦਾ ਫਤਵਾ ਪ੍ਰਵਾਨ ਕਰਨਾ ਚਾਹੀਦਾ ਹੈ।
ਜਨਤਾ ਦਾ ਫਤਵਾ ਕਬੂਲ
ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਜ਼ੀਰੋ ਸੀਟ ਆਉਣ 'ਤੇ ਵੀ ਬੋਲੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਸੀ, ਪਰ ਸੀਟ ਨਹੀਂ ਮਿਲੀ। ਅਸੀਂ ਸਿਰ ਝੁਕਾ ਕੇ ਜਨਤਾ ਦਾ ਫਤਵਾ ਕਬੂਲ ਕਰਦੇ ਹਾਂ। ਉਥੇ ਹੀ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਦੇ ਮੁੱਦੇ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਸਾਨੂੰ ਆਪਣਾ ਜਹਾਜ਼ ਉਨ੍ਹਾਂ ਭਾਰਤੀਆਂ ਨੂੰ ਲੈਕੇ ਆਉਣ ਲਈ ਭੇਜਣਾ ਚਾਹੀਦਾ ਸੀ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ। ਡੋਨਾਲਡ ਟਰੰਪ ਨੇ ਭਾਰਤੀਆਂ ਨੂੰ ਜੰਜ਼ੀਰਾਂ ਵਿੱਚ ਜਕੜ ਕੇ ਵਾਪਸ ਭੇਜ ਕੇ ਆਪਣੀ ਤਾਕਤ ਦਿਖਾਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਟਰੰਪ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਕੀਤੀ ਜਾ ਰਹੀ ਮਹਾਂਪੰਚਾਇਤ 'ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਹਾਂਪੰਚਾਇਤ ਚੰਗੀ ਗੱਲ ਹੈ, ਕਿਸਾਨ ਚੰਗੇ ਫੈਸਲੇ ਲੈਣਗੇ।