ਚੰਡੀਗੜ੍ਹ: 1999 ਦੇ ਦਹਾਕਿਆਂ ਦੌਰਾਨ ਗੀਤਕਾਰੀ ਖੇਤਰ ਦਾ ਸਿਖਰ ਹੰਢਾ ਚੁੱਕੇ ਅਜ਼ੀਮ ਗੀਤਕਾਰ ਬੱਚਨ ਬੇਦਿਲ ਇੱਕ ਵਾਰ ਮੁੜ ਨਵੇਂ ਸੰਗੀਤਕ ਅਯਾਮ ਕਾਇਮ ਵੱਲ ਯਤਨਸ਼ੀਲ ਹੋ ਚੁੱਕੇ ਹਨ, ਜਿੰਨ੍ਹਾਂ ਵੱਲੋਂ ਇਸ ਖਿੱਤੇ ਵਿੱਚ ਮੁੜ ਸੁਰਜੀਤੀ ਲਈ ਆਰੰਭੀਆਂ ਕੋਸ਼ਿਸ਼ਾਂ ਦਾ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਸਾਹਮਣੇ ਆ ਰਿਹਾ ਨਵਾਂ ਗਾਣਾ 'AIN'T LIKE ME', ਜਿਸਨੂੰ ਅਜੋਕੇ ਦੌਰ ਦੀ ਚਰਚਿਤ ਗਾਇਕਾ ਸ਼ਿਪਰਾ ਗੋਇਲ ਵੱਲੋਂ ਅਵਾਜ਼ ਦਿੱਤੀ ਗਈ ਹੈ।
ਪੰਜਾਬੀ ਸੰਗੀਤ ਜਗਤ ਵਿੱਚ ਧਰੂ ਤਾਰੇ ਵਾਂਗ ਛਾਏ ਰਹੇ ਬੱਚਨ ਬੇਦਿਲ ਅਜਿਹੇ ਬਿਹਤਰੀਨ ਗੀਤਕਾਰ ਵਜੋਂ ਵੀ ਸਰਵ ਪ੍ਰਵਾਨਤ ਰਹੇ ਹਨ, ਜਿੰਨ੍ਹਾਂ ਉਦਾਸ ਗੀਤਾਂ ਦੇ ਯੁੱਗ ਵਿੱਚ ਸੈਂਕੜੇ ਭਾਵਪੂਰਨ ਗਾਣਿਆ ਨੂੰ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਅਪਾਰ ਮਕਬੂਲੀਅਤ ਹਾਸਿਲ ਵਿੱਚ ਸਫ਼ਲ ਰਹੇ।
ਪੰਜਾਬ ਤੋਂ ਲੈ ਸੱਤ ਸੁਮੰਦਰ ਪਾਰ ਤੱਕ ਅਪਣੀ ਨਾਯਾਬ ਗੀਤਕਾਰੀ ਕਲਾ ਦਾ ਲੋਹਾ ਮੰਨਵਾਉਣ ਵਾਲੇ ਇਸ ਆਹਲਾ ਗੀਤਕਾਰ ਵੱਲੋਂ ਰਚੇ ਗਾਣਿਆ ਨੇ ਉਸ ਸਮੇਂ ਦੇ ਅਣਗਿਣਤ ਉਭਰਦੇ ਗਾਇਕਾ ਨੂੰ ਸਟਾਰ ਰੁਤਬਾ ਦਿਵਾਉਣ ਦਾ ਮਾਣ ਵੀ ਹਾਸਿਲ ਕੀਤਾ ਹੈ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਉਨ੍ਹਾਂ ਦੇ ਉਕਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਦੇਸੀ ਅਤੇ ਆਧੁਨਿਕ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗੀਤ ਨੂੰ ਅਵਾਜ਼ ਚਰਚਿਤ ਗਾਇਕਾ ਸ਼ਿਪਰਾ ਗੋਇਲ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਡਾਕਟਰ ਜ਼ਿਊਸ ਦੁਆਰਾ ਤਿਆਰ ਕੀਤਾ ਗਿਆ ਹੈ।
12 ਫ਼ਰਵਰੀ 2025 ਨੂੰ ਰਿਲੀਜ਼ ਕੀਤੇ ਜਾ ਰਹੇ ਉਕਤ ਬੀਟ ਸੋਂਗ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਉੱਘੇ ਨਿਰਦੇਸ਼ਕ ਸੁੱਖ ਸੰਘੇੜਾ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੁਆਰਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਖੂਬਸੂਰਤ ਲੋਕੇਸ਼ਨਜ ਉਪਰ ਇਸ ਦਾ ਫਿਲਮਾਂਕਣ ਪੂਰਾ ਕੀਤਾ ਗਿਆ ਹੈ।
ਮਾਲਵਾ ਦੇ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਤ ਅਤੇ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਸੇਦਾ ਰੱਖਦੇ ਇਸ ਪ੍ਰਤਿਭਾਵਾਨ ਗੀਤਕਾਰ ਵੱਲੋਂ ਲਿਖੇ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਤੇਰੀ ਮੇਰੀ ਪ੍ਰੀਤ ਕਹਾਣੀ' (ਦਵਿੰਦਰ ਕੋਹੇਨੂਰ), 'ਰੰਗਲੀ ਚਰਖੀ' ( ਮਰਹੂਮ ਕੁਲਦੀਪ ਮਾਣਕ), 'ਤੇਰੇ ਵਿਆਹ ਦਾ ਕਾਰਡ', 'ਪਾਸਪੋਰਟ ਬਣਾ ਲਿਆ' (ਰਣਜੀਤ ਮਣੀ) ਆਦਿ ਵੀ ਸ਼ੁਮਾਰ ਰਹੇ ਹਨ।
ਲਗਭਗ 03 ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬੀ ਗੀਤ ਲਿਖਣ ਦਾ ਸਿਹਰਾ ਹਾਸਿਲ ਕਰ ਚੁੱਕੇ ਗੀਤਕਾਰ ਬੱਚਨ ਬੇਦਿਲ ਇਸ ਲੰਬੇ ਸਫ਼ਰ ਦੌਰਾਨ 1000 ਤੋਂ ਵੱਧ ਗੀਤ ਲਿਖ ਚੁੱਕੇ ਹਨ, ਜਿੰਨ੍ਹਾਂ ਨੂੰ 100 ਤੋਂ ਵੱਧ ਵੱਕਾਰੀ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ।
ਰੁਮਾਂਟਿਕ-ਭਾਵਪੂਰਨ ਗੀਤ ਲੇਖਣੀ ਵਿੱਚ ਬੇਮਿਸਾਲ ਮੁਹਾਰਤ ਰੱਖਦੇ ਇਹ ਹਰਦਿਲ ਅਜ਼ੀਜ ਦਾ ਕਹਾਣੀ ਸੁਣਾਉਂਦਾ ਗੀਤ "ਗੱਡੀਆਂ ਵਾਲੀ ਤਾਰੋ" ਅੱਜ ਸਾਲਾਂ ਬਾਅਦ ਵੀ ਸੰਗੀਤ ਪ੍ਰੇਮੀਆਂ ਨੂੰ ਅਪਣੇ ਵੱਲ ਆਕਰਸ਼ਿਤ ਕਰਦਾ ਹੈ। ਹਾਲ ਹੀ ਵਿੱਚ ਲਿਖੀ ਦਿਲ-ਟੁੰਬਵੀਂ ਪੁਸਤਕ 'ਪਿੰਡ ਅਵਾਜ਼ਾਂ ਮਾਰਦਾ' ਨੂੰ ਲੈ ਕੇ ਵੀ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੇ ਇਸ ਬਿਹਤਰੀਨ ਗੀਤਕਾਰ ਵੱਲੋਂ ਲਿਖੇ ਗਾਣਿਆ ਨੂੰ ਮਰਹੂਮ ਮਹਿੰਦਰ ਕਪੂਰ, ਰਾਹਤ ਫਤਿਹ ਅਲੀ ਖਾਨ, ਸੁਰਿੰਦਰ ਕੌਰ, ਸੁਰਿੰਦਰ ਛਿੰਦਾ, ਦਿਲਸ਼ਾਦ ਅਖ਼ਤਰ, ਰਣਜੀਤ ਮਨੀ, ਗਿੱਪੀ ਗਰੇਵਾਲ, ਦਿਲਜੀਤ ਦੁਸਾਂਝ, ਅਨੁਰਾਧਾ ਪੋਡਵਾਲ, ਕਵਿਤਾ ਕ੍ਰਿਸ਼ਨਾਮੂਰਤੀ, ਸੁਖਵਿੰਦਰ ਸਿੰਘ ਜਿਹੇ ਅਨੇਕਾਂ ਆਹਲਾ ਗਾਇਕਾ ਵੱਲੋਂ ਵੀ ਅਪਣੀ ਜਾਦੂਈ ਆਵਾਜ਼ ਨਾਲ ਨਿਵਾਜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: