ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਡੀਆਈਜੀ ਸਤਿੰਦਰ ਸਿੰਘ ਜੀ ਬਾਰਡਰ ਰੇਂਜ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਅਨੁਸਾਰ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਅਟਵਾਲ ਦੀਆਂ ਹਦਾਇਤਾਂ 'ਤੇ ਕੰਮ ਕਰਦਿਆਂ ਥਾਣਾ ਮਹਿਤਾ ਵੱਲੋ ਵਾਟਰ ਸਪਾਲਈ ਆਪਰੇਟਰ ਸ਼ਮਸ਼ੇਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮ ਕਰਨ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ਼ ਲੱਲਾ ਨੂੰ ਵਾਰਦਾਤ ਸਮੇਂ ਵਰਤੇ ਸਪਲੈਂਡਰ ਮੋਟਰ ਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮੌਕੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਅਟਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 31 ਜਨਵਰੀ ਨੂੰ ਭੁਪਿੰਦਰ ਕੌਰ ਪਤਨੀ ਸ਼ਮਸ਼ੇਰ ਸਿੰਘ ਵਾਸੀ ਗੱਦਰ ਰਜਾਦਾ ਥਾਣਾ ਮੱਤੇਵਾਲ ਨੇ SHO ਥਾਣਾ ਮਹਿਤਾ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਤੀ ਸਮਸ਼ੇਰ ਸਿੰਘ ਉਰਫ਼ ਸ਼ੇਰਾ ਜੋ ਵਾਟਰ ਸਪਲਾਈ ਟੈਂਕੀ ਪਿੰਡ ਘਨਸ਼ਾਮਪੁਰਾ ਵਿਖੇ ਡਿਊਟੀ ਕਰਦਾ ਸੀ, ਉਸ 'ਤੇ 31 ਜਨਵਰੀ ਨੂੰ ਦੁਪਹਿਰ ਕਰੀਬ 1:30 ਵਜੇ ਨਾਮਲੂਮ ਨੌਜਵਾਨਾਂ ਵੱਲੋਂ ਪਹਿਲਾਂ ਦਾਤਰ ਨਾਲ ਸੱਟਾਂ ਮਾਰੀਆਂ ਅਤੇ ਫਿਰ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੇ ਪਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਮਹਿਤਾ ਵੱਲੋਂ ਨਾ-ਮਲੂਮ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਮੋਟਰ ਸਾਈਕਲ ਸਪਲੈਂਡਰ ਵੀ ਬਰਾਮਦ
ਇਸ ਦੌਰਾਨ ਤਫਤੀਸ਼ ਕਰਦਿਆਂ ਮੁੱਖ ਅਫਸਰ ਥਾਣਾ ਮਹਿਤਾ ਵੱਲੋਂ 7 ਫਰਵਰੀ ਨੂੰ ਹਰਪ੍ਰੀਤ ਸਿੰਘ ਉਰਫ ਹੈਪੀ, ਕਰਨ ਸਿੰਘ, ਜਸਪ੍ਰੀਤ ਸਿੰਘ ਉਰਫ ਲੱਲਾ, ਰਾਜਾ ਉਰਫ ਕੱਤੂ ਨੂੰ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਸੀ। ਇਸ ਦੌਰਾਨ ਉਸ ਤਰੀਕ ਨੂੰ ਹੀ ਮੁਲਜ਼ਮ ਕਰਨ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਲੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਨ੍ਹਾਂ ਵੱਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਸਪਲੈਂਡਰ ਵੀ ਬਰਾਮਦ ਕੀਤਾ ਗਿਆ ਹੈ।
ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਕਿ ਮ੍ਰਿਤਕ ਸ਼ਮਸ਼ੇਰ ਸਿੰਘ ਉਕਤ ਨਾਮਜ਼ਦ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਪ੍ਰੇਮਿਕਾ ਨੂੰ ਤੰਗ ਪਰੇਸ਼ਾਨ ਕਰਦਾ ਸੀ। ਜਿਸ ਕਾਰਨ ਹਰਪ੍ਰੀਤ ਸਿੰਘ ਉਰਫ ਹੈਪੀ ਵੱਲੋਂ ਆਪਣੇ ਉਕਤ ਨਾਮਜ਼ਦ ਸਾਥੀਆਂ ਨਾਲ ਮਿਲ ਕੇ ਸ਼ਮਸ਼ੇਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਇਸ ਤੋਂ ਇਲਾਵਾ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।