ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਕੁੱਲ੍ਹ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਗਾਇਬ ਹਨ। ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ਵੋਟਿੰਗ ਸ਼ੁਰੂ ਹੋਈ ਤਾਂ ਸਿਰਫ ਵੋਟਿੰਗ ਲਿਸਟ ਵਿੱਚ ਪਹਿਲੀਆਂ 7 ਵੋਟਾਂ ਹੀ ਸਹੀ ਤਰੀਕੇ ਨਾਲ ਪੋਲ ਹੋ ਸਕੀਆਂ, ਉਸ ਤੋਂ ਮਗਰੋਂ ਕਈ ਵੋਟਾਂ ਗਾਇਬ ਸਨ।
ਰੋਕੀ ਗਈ ਵੋਟਿੰਗ (ETV BHARAT PUNJAB (ਰਿਪੋਟਰ,ਅੰਮ੍ਰਿਤਸਰ)) ਪ੍ਰਸ਼ਾਸਨ ਉੱਤੇ ਇਲਜ਼ਾਮ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਜਦੋਂ ਪੋਲਿੰਗ ਅਧਿਕਾਰੀ ਬੂਥ ਉੱਤੇ ਪਹੁੰਚੇ ਤਾਂ ਬੈਲਟ ਪੇਪਰ ਮੁਤਾਬਿਕ ਵੋਟਾਂ ਪੂਰੀਆਂ ਸਨ ਪਰ ਅੱਜ 425 ਵਿੱਚੋਂ ਪਿੰਡ ਦੀਆਂ ਲਗਭਗ 100 ਵੋਟਾਂ ਗਾਇਬ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਿੱਧੇ ਤੌਰ ਉੱਤੇ ਪ੍ਰਸ਼ਾਸਨ ਦੀ ਗਲਤੀ ਹੈ, ਇਸ ਲਈ ਉਨ੍ਹਾਂ ਨੇ ਵੋਟਿੰਗ ਰੁਕਵਾ ਦਿੱਤੀ ਹੈ। ਪਿੰਡ ਵਾਸੀਆਂ ਨੇ ਰੋਹ ਵਿੱਚ ਆਕੇ ਸਰਕਾਕ ਖਿਲਾਫ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਵੇਂ ਬੈਲਟ ਪੇਪਰ ਉਪਲੱਬਧ ਕਰਵਾ ਕੇ ਸਾਰੀਆਂ ਵੋਟਾਂ ਵਾਪਸ ਨਹੀਂ ਆਉਂਦੀਆਂ ਉਦੋਂ ਤੱਕ ਉਹ ਪਿੰਡ ਵਿੱਚ ਵੋਟਿੰਗ ਪ੍ਰਕਿਰਿਆ ਸ਼ੁਰੂ ਨਹੀਂ ਹੋਣ ਦੇਣਗੇ।
ਦੱਸ ਦਈਏ ਪੰਜਾਬ ਵਿੱਚ ਗ੍ਰਾਮੀਣ ਸਰਕਾਰ ਯਾਨੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ (ਮੰਗਲਵਾਰ) ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਸੂਬੇ ਵਿੱਚ ਕੁੱਲ 13,229 ਗ੍ਰਾਮ ਪੰਚਾਇਤਾਂ ਹਨ। ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣਗੀਆਂ। ਈਵੀਐਮ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਬੈਲਟ ਪੇਪਰ 'ਤੇ NOTA ਦਾ ਵਿਕਲਪ ਹੋਵੇਗਾ। ਚੋਣ ਡਿਊਟੀ ਲਈ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚੋਣਾਂ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ।ਪੰਚਾਇਤ ਵਿਭਾਗ ਅਨੁਸਾਰ ਇੱਕ ਪੰਚਾਇਤ ਵਿੱਚ 5 ਤੋਂ 13 ਪੰਚ ਹੁੰਦੇ ਹਨ। ਇੱਕ ਸਰਪੰਚ ਹੁੰਦਾ ਹੈ। ਹਰ ਵਾਰਡ ਵਿੱਚ ਵੱਖ-ਵੱਖ ਉਮੀਦਵਾਰ ਖੜ੍ਹੇ ਹਨ। ਵੋਟਰ ਸੂਚੀ 4 ਸਤੰਬਰ ਤੱਕ ਅੱਪਡੇਟ ਹੈ।