ਅੰਮ੍ਰਿਤਸਰ: ਦਿੱਲੀ ਵਿੱਚ 5 ਫ਼ਰਵਰੀ (ਵੀਰਵਾਰ) ਨੂੰ ਵਿਧਾਨਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਹੋ ਚੁੱਕੀ ਹੈ। ਹੁਣ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹਰ ਪਾਰਟੀ ਵੱਲੋਂ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਐਗਜ਼ਿਟ ਪੋਲ ਵੀ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਦਿੱਲੀ ਵਿਧਾਨ ਸਭਾ ਚੋਣਾਂ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਬਿਆਨ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਦਿੱਲੀ ਵਿਧਾਨਸਭਾ ਚੋਣ ਨਤੀਜੇ 8 ਫ਼ਰਵਰੀ ਨੂੰ ਐਲਾਨੇ ਜਾਣਗੇ।
'ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਬਣੇਗੀ ਸਰਕਾਰ'
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜਿੱਥੇ ਇਕ ਪਾਸੇ ਵੋਟਾਂ ਪੈ ਰਹੀਆਂ ਸਨ, ਉੱਥੇ ਹੀ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਨੇੜੇ ਹੋਏ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਿੱਲੀ ਵਿੱਚ ਆਪ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਪੂਰਨ ਬਹੁਮਤ ਨਾਲ ਦਿੱਲੀ ਵਿੱਚ ਮੁੜ ਤੋਂ ਆਪਣੀ ਸਰਕਾਰ ਕਾਇਮ ਕਰੇਗੀ।
ਦਿੱਲੀ ਵਿੱਚ ਚੋਣ ਹੋਈ ਹੈ। ਅਸੀਂ ਬਹੁਮਤ ਲੈ ਕੇ ਆ ਰਹੇ ਹਾਂ। ਆਮ ਆਦਮੀ ਪਾਰਟੀ ਦਿੱਲੀ ਵਿੱਚ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ।
- ਹਰਭਜਨ ਸਿੰਘ ਈਟੀਓ, ਕੈਬਿਨਟ ਮੰਤਰੀ, ਪੰਜਾਬ
ਕੀ ਕਹਿੰਦੇ ਨੇ ਐਗਜ਼ਿਟ ਪੋਲ ?
ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਸ਼ਾਮ 5 ਵਜੇ ਤੱਕ 57.70 ਫੀਸਦੀ ਵੋਟਿੰਗ ਹੋਈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਮੀਡੀਆ ਸਮੂਹਾਂ ਅਤੇ ਪੋਲ ਏਜੰਸੀਆਂ ਵੱਲੋਂ ਬਣਾਏ ਗਏ ਐਗਜ਼ਿਟ ਪੋਲ ਦੇ ਅਨੁਮਾਨ ਵੀ ਜਾਰੀ ਕੀਤੇ ਗਏ ਹਨ। ਜਿਸ ਦੇ ਮੁਤਾਬਕ ਇਸ ਵਾਰ ਦਿੱਲੀ ਵਿੱਚ ਉਥਲ-ਪੁਥਲ ਹੋ ਸਕਦੀ ਹੈ ਅਤੇ ਭਾਜਪਾ ਦੀ ਸਰਕਾਰ ਬਣ ਸਕਦੀ ਹੈ। ਇਕ-ਦੋ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਭਾਜਪਾ ਅਤੇ 'ਆਪ' ਵਿਚਾਲੇ ਸਖ਼ਤ ਟੱਕਰ ਹੋ ਸਕਦੀ ਹੈ।
ਚਾਣਕਿਆ ਰਣਨੀਤੀਆਂ ਦੇ ਐਗਜ਼ਿਟ ਪੋਲ ਦੇ ਅੰਕੜਿਆਂ ਅਨੁਸਾਰ ਭਾਜਪਾ ਨੂੰ ਦਿੱਲੀ ਵਿੱਚ ਪੂਰਨ ਬਹੁਮਤ ਮਿਲ ਸਕਦਾ ਹੈ। ਅਨੁਮਾਨ ਮੁਤਾਬਕ ਭਾਜਪਾ ਨੂੰ 39-44 ਸੀਟਾਂ ਮਿਲ ਸਕਦੀਆਂ ਹਨ। ਜਦਕਿ, ‘ਆਪ’ ਨੂੰ 25-28 ਅਤੇ ਕਾਂਗਰਸ ਨੂੰ 2-3 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਮੈਟਰੀਜ਼ ਦੇ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਇਸ ਵਾਰ ਦਿੱਲੀ ਵਿੱਚ ਭਾਜਪਾ ਅਤੇ ‘ਆਪ’ ਵਿਚਾਲੇ ਸਖ਼ਤ ਟੱਕਰ ਹੈ। ਅਨੁਮਾਨ ਮੁਤਾਬਕ ਭਾਜਪਾ ਨੂੰ 35-40 ਸੀਟਾਂ, 'ਆਪ' ਨੂੰ 32-37 ਅਤੇ ਕਾਂਗਰਸ ਨੂੰ 0-1 ਸੀਟਾਂ ਮਿਲ ਸਕਦੀਆਂ ਹਨ।