ਹੈਦਰਾਬਾਦ ਡੈਸਕ: ਛੋਟੇ ਪਰਦੇ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਹੈ ਪ੍ਰਤਿਭਾਵਾਨ ਅਦਾਕਾਰਾ ਸੀਰਤ ਕਪੂਰ, ਜੀ. ਟੀਵੀ ਉੱਤੇ ਸ਼ੁਰੂ ਹੋਣ ਜਾ ਰਹੇ ਬੇਹਤਰੀਣ ਸ਼ੋਅ 'ਰੱਬ ਸੇ ਹੈ ਦੁਆ' ਦਾ ਪ੍ਰਭਾਵੀ ਹਿੱਸਾ ਬਣਨ ਜਾ ਰਹੀ ਹੈ। ਇਹ ਸੀਰੀਅਲ 21 ਫ਼ਰਵਰੀ ਤੋਂ ਪ੍ਰਾਈਮ ਟਾਈਮ ਸਲਾਟ 'ਚ ਆਨ ਏਅਰ ਹੋਣ ਜਾ ਰਿਹਾ ਹੈ। ਰੋਮਾਂਟਿਕ- ਡਰਾਮਾ ਅਤੇ ਪਰਿਵਾਰਿਕ ਸੋਅ ਲੜੀ ਵਜੋ ਮੁੜ ਨਵੇਂ ਰੂਪ ਵਿਚ ਸਾਹਮਣੇ ਅਉਣ ਜਾ ਰਹੇ ਉਕਤ ਸੀਰੀਅਲ ਦਾ ਪ੍ਰੀਮੀਅਰ 28 ਨਵੰਬਰ 2022 ਨੂੰ ਜ਼ੀ ਟੀਵੀ 'ਤੇ ਕੀਤਾ ਗਿਆ ਸੀ, ਜੋ ਹੁਣ ਨਵੇਂ ਰੰਗ ਰੂਪ ਅਧੀਨ ZEE5 'ਤੇ ਡਿਜੀਟਲ ਰੂਪ ਵਿੱਚ ਵੀ ਉਪਲਬਧ ਹੌਵੇਗਾ।
ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ ਸੀਰਤ: ਐਲਐਸਡੀ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰੋਡੋਕਸ਼ਨ ਹਾਊਸ ਹੇਠ ਪ੍ਰਤੀਕ ਸ਼ਰਮਾ ਦੁਆਰਾ ਨਿਰਮਿਤ, ਇਸ ਵਿੱਚ ਸੀਰੀਅਲ ਦੇ ਪਹਿਲੇ ਪੜਾਅ ਵਿਚ ਜੋ ਮੁੱਖ ਕਲਾਕਾਰ ਰਹੇ ਉਹ ਸਨ ਕਰਨਵੀਰ ਸ਼ਰਮਾ, ਰਿਚਾ ਰਾਠੌੜ ਅਤੇ ਅਦਿਤੀ ਸ਼ਰਮਾ ਸਨ। ਜਦਕਿ, ਹੁਣ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਨਵੇਂ ਮੁਹਾਂਦਰੇ ਅਤੇ ਕਹਾਣੀ ਵਿਚ ਧੀਰਜ ਧੂਪਰ, ਯੇਸ਼ਾ ਰੁਘਾਨੀ ਅਤੇ ਸੀਰਤ ਕਪੂਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਅਉਣਗੇ। ਹਾਲ ਹੀ ਪ੍ਰਸਾਰਿਤ ਹੋਏ ਅਤੇ ਆਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ 'ਇਮਲੀ', 'ਛੋਟੀ ਜੇਠਾਨੀ' ਜਿਹੇ ਸ਼ਾਨਦਾਰ ਸੀਰੀਅਲਾਂ ਦਾ ਮਹੱਤਵਪੂਰਨ ਹਿੱਸਾ ਰਹੀ ਹੈ।
ਅਦਾਕਾਰਾ ਸੀਰਤ ਕਪੂਰ, ਜੋ ਸ਼ੁਰੂ ਹੋਣ ਜਾ ਰਹੇ ਅਪਣੇ ਇਸ ਨਵੇਂ ਸੋਅ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਹੈ। ਸੀਰਤ ਅਨੁਸਾਰ ਇਸ ਬਹੁ ਚਰਚਿਤ ਸੀਰੀਅਲ ਦਾ ਮਿਲਣਾ, ਉਨ੍ਹਾਂ ਲਈ ਇਕ ਹੋਰ ਅਹਿਮ ਪ੍ਰਾਪਤੀ ਵਾਂਗ ਹੈ ਜਿਸ ਵਿਚ ਉਹ ਬਹੁਤ ਹੀ ਇਮੋਸ਼ਨਲ ਅਤੇ ਚੁਣੌਤੀਪੂਰਨ ਭੂਮਿਕਾ ਅਦਾ ਕਰਨ ਜਾ ਰਹੀ ਹੈ।
ਚੰਡੀਗੜ੍ਹ ਦੀ ਰਹਿਣ ਵਾਲੀ ਸੀਰਤ:ਮੂਲ ਰੂਪ ਵਿੱਚ ਦਾ ਬਿਊਟੀਫ਼ੁਲ ਸਿਟੀ ਚੰਡੀਗੜ੍ਹ ਨਾਲ ਸਬੰਧਤ ਅਤੇ ਮੰਨੇ ਪ੍ਰਮੰਨੇ ਟੀਵੀ ਅਤੇ ਫਿਲਮ ਐਕਟਰ ਸੰਦੀਪ ਕਪੂਰ ਦੀ ਇਹ ਹੋਣਹਾਰ ਬੇਟੀ ਅਪਣੇ ਪਿਤਾ ਅਤੇ ਪਰਿਵਾਰ ਦੇ ਨਾਂਅ ਨੂੰ ਹੋਰ ਰੁਸ਼ਨਾਉਣ ਵਿਚ ਸਫ਼ਲ ਰਹੀ ਹੀ ਹੈ। ਨਾਲ ਹੀ, ਸੀਰਤ ਨੇ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਟੀ.ਵੀ. ਅਤੇ ਬਾਲੀਵੁੱਡ ਸਿਨੇਮਾਂ ਦੇ ਗਲਿਆਰਿਆ ਵਿੱਚ ਅਪਣੀ ਪਛਾਣ ਦਾਇਰੇ ਨੂੰ ਅਜਿਹੀ ਵਿਸ਼ਾਲਤਾ ਵੀ ਦਿੱਤੀ ਹੈ ਜਿਸ ਦੀ ਤਾਂਘ ਹਰ ਕਲਾਕਾਰ ਕਰਦਾ ਹੈ।
ਮੁੰਬਈ ਵਿੱਚ ਹੋਈ ਪੜ੍ਹਾਈ ਤੇ ਕਈ ਬਾਲੀਵੁੱਡ ਫਿਲਮਾਂ ਦਾ ਰਹੀ ਹਿੱਸਾ:ਮੁੰਬਈ ਦੇ ਮਸ਼ਹੂਰ ਵਿੱਦਿਅਕ ਸੰਸਥਾਨ ਮਿੱਠੀ ਬਾਈ ਕਾਲਜ ਜੁਹੂ ਦੀ ਹੋਣਹਾਰ ਵਿਦਿਆਰਥਣ ਰਹੀ ਇਹ ਬਾ-ਕਮਾਲ ਨਿੱਕੀ ਉਮਰੇ ਕਈ ਵੱਡੀਆ ਉਪਲਬਧੀਆਂ ਹਾਸਿਲ ਕਰਨ ਦਾ ਫ਼ਖਰ ਵੀ ਅਪਣੀ ਝੋਲੀ ਪਾ ਚੁੱਕੀ ਹੈ। ਸੀਰਤ ਵੱਲੋ ਹਾਲੀਆ ਸਮੇਂ ਦੌਰਾਨ ਕੀਤੀਆ 'ਜਰਸੀ' ਜਿਹੀਆਂ ਕੁਝ ਫਿਲਮਾਂ ਵਿੱਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਬੇਪਨਾਹ ਪਿਆਰ ਸਨੇਹ ਨਾਲ ਨਵਾਜ਼ਿਆ ਗਿਆ ਹੈ। ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੀ ਇਸ ਉਮਦਾ ਅਦਾਕਾਰਾ ਨੇ ਕਿਹਾ ਕਿ ਨੇੜ ਭਵਿੱਖ ਵਿਚ ਪੰਜਾਬੀ ਫਿਲਮਾਂ ਦਾ ਹਿੱਸਾ ਬਣਨਾ ਵੀ ਉਸ ਦੀ ਵਿਸ਼ੇਸ਼ ਤਰਜ਼ੀਹਤ ਰਹੇਗੀ।