ਖੰਨਾ: ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਸਰਹੱਦ 'ਤੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਰਣਜੋਧ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਅਤੇ ਕਿਸਾਨ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਅੱਜ ਪਿੰਡ ਰਤਨਹੇੜੀ ਵਿਖੇ ਕਿਸਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੰਤਿਮ ਸਸਕਾਰ ਮੌਕੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਸਮੇਤ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ, ਪੰਚਾਇਤ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਮੋਰਚੇ 'ਚ ਕਿਸਾਨ ਵਲੋਂ ਕੀਤੀ ਗਈ ਸੀ ਖੁਦਕੁਸ਼ੀ
ਇਸ ਮੌਕੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਰਣਜੋਧ ਸਿੰਘ ਸ਼ੰਭੂ ਸਰਹੱਦ 'ਤੇ ਮੋਰਚੇ 'ਚ ਚਲਾਏ ਜਾ ਰਹੇ ਲੰਗਰ 'ਚ ਸੇਵਾ ਕਰਦਾ ਸੀ। ਉਸ ਅੰਦਰ ਕਿਸਾਨੀ ਮਸਲਿਆਂ ਸਬੰਧੀ ਜਜ਼ਬਾ ਸੀ। ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਪ੍ਰਤੀ ਗੁੱਸਾ ਸੀ। ਹਾਲ ਹੀ 'ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦੇਖ ਕੇ ਰਣਜੋਧ ਸਿੰਘ ਨੇ ਇਸ ਨੂੰ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲਈ।
ਸਰਕਾਰ ਦੇ ਭਰੋਸੇ ਮਗਰੋਂ ਕੀਤਾ ਅੰਤਿਮ ਸਸਕਾਰ
ਇਸ ਦੇ ਨਾਲ ਹੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਨੌਜਵਾਨਾਂ ਸਮੇਤ ਸਾਰਿਆਂ ਨੂੰ ਅਪੀਲ ਹੈ ਕਿ ਉਹ ਅਜਿਹੇ ਕਦਮ ਨਾ ਚੁੱਕਣ, ਸਗੋਂ ਹੌਂਸਲੇ ਨਾਲ ਮੋਰਚੇ 'ਚ ਯੋਗਦਾਨ ਪਾ ਕੇ ਜਿੱਤ ਹਾਸਲ ਕਰਨ। ਪ੍ਰਧਾਨ ਭੰਗੂ ਨੇ ਕਿਹਾ ਕਿ ਸਰਕਾਰ ਦੇ ਨਾਲ ਗੱਲਬਾਤ ਕਰਕੇ ਜੋ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ, ਉਸ ਮਗਰੋਂ ਹੀ ਪੋਸਟਮਾਰਟਮ ਕਰਾਇਆ ਗਿਆ ਤੇ ਅੰਤਿਮ ਸਸਕਾਰ ਕੀਤਾ ਗਿਆ। ਸਰਕਾਰ ਇਸ ਮੰਗ ਨੂੰ ਪੂਰਾ ਕਰੇਗੀ। ਕਿਸਾਨ ਜਥੇਬੰਦੀਆਂ ਵੀ ਰਣਜੋਧ ਸਿੰਘ ਦੇ ਪਰਿਵਾਰ ਨਾਲ ਹਮੇਸ਼ਾਂ ਖੜ੍ਹੀਆਂ ਰਹਿਣਗੀਆਂ।
ਸਰਕਾਰਾਂ ਨੂੰ ਕਿਸਾਨੀ ਮਸਲਿਆਂ ਪ੍ਰਤੀ ਵੀ ਜਾਗਣ ਦੀ ਲੋੜ
ਦੂਜੇ ਪਾਸੇ ਮ੍ਰਿਤਕ ਰਣਜੋਧ ਸਿੰਘ ਦੇ ਚਚੇਰੇ ਭਰਾ ਕਮਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਯੂਨੀਅਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰਣਜੋਧ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਵੇਗੀ। ਸਰਕਾਰ ਦੇ ਭਰੋਸੇ ਮਗਰੋਂ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ। ਕਮਲਦੀਪ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨੀ ਮਸਲਿਆਂ ਪ੍ਰਤੀ ਵੀ ਜਾਗਣ ਦੀ ਲੋੜ ਹੈ। ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।