ਲੁਧਿਆਣਾ: ਜ਼ਿਲ੍ਹੇ ਦੇ ਗਿੱਲ ਨੇੜੇ ਚੌਂਕੀ ਮਿਰਾਡੋ ਅਧੀਨ ਪੈਂਦੇ ਸ਼੍ਰੋਮਣੀ ਕਮੇਟੀ ਦੇ ਜੀਐਨਈ ਕਾਲਜ ਇਲਾਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਰੇਡ ਕਰਕੇ ਇੱਕ ਗੱਡੀ ਦੇ ਵਿੱਚੋਂ ਸ਼ਰਾਬ ਬਰਾਮਦ ਕੀਤੀ ਗਈ। ਇਸ ਗੱਡੀ ਦੇ ਉੱਤੇ ਭਾਜਪਾ ਦੇ ਵਾਰਡ ਨੰਬਰ 38 ਤੋਂ ਉਮੀਦਵਾਰ ਦਾ ਪੋਸਟਰ ਵੀ ਲੱਗਿਆ ਹੋਇਆ ਹੈ। ਵਿਧਾਇਕ ਨੂੰ ਸ਼ੱਕ ਹੈ ਕਿ ਇਸ ਸ਼ਰਾਬ ਦਾ ਇਸਤੇਮਾਲ ਚੋਣਾਂ ਦੇ ਵਿੱਚ ਕੀਤਾ ਜਾਣਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਗੱਡੀ ਨੂੰ ਕਬਜ਼ੇ ਦੇ ਵਿੱਚ ਦਵਾ ਦਿੱਤਾ ਹੈ। ਉਥੇ ਹੀ 'ਆਪ' ਵਰਕਰਾਂ ਵਲੋਂ ਸ਼ਰਾਬ ਵੰਡਣ ਦੇ ਇਲਜ਼ਾਮਾਂ 'ਚ ਰਵਨੀਤ ਬਿੱਟੂ ਦਾ ਵੀ ਵਿਰੋਧ ਕੀਤਾ ਗਿਆ।
ਕਾਲਜ 'ਚ ਖੜੀ ਗੱਡੀ 'ਚ ਸ਼ਰਾਬ ਬਰਾਮਦ
ਗੱਡੀ ਵਿਚੋਂ ਸ਼ਰਾਬ ਮਿਲਣ ਦੇ ਮਾਮਲੇ 'ਚ ਪੁਲਿਸ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਸਿਆਸੀ ਪਾਰਟੀ ਦਾ ਸਟਿੱਕਰ ਵੀ ਗੱਡੀ ਦੇ ਪਿੱਛੇ ਲੱਗਿਆ ਹੋਇਆ ਹੈ। ਉਹਨਾਂ ਕਿਹਾ ਕਿ ਬਾਕੀ ਮਾਮਲੇ ਦੀ ਜਾਂਚ ਅਸੀਂ ਕਰ ਰਹੇ ਹਾਂ। ਇੱਕ ਪੇਟੀ ਸ਼ਰਾਬ ਦੀ ਗੱਡੀ ਦੀ ਡਿੱਗੀ ਵਿੱਚੋਂ ਬਰਾਮਦ ਹੋਈ ਹੈ।
ਵਿਧਾਇਕ ਨੇ ਲਗਾਏ ਇਲਜ਼ਾਮ
ਉਥੇ ਹੀ ਮੌਕੇ 'ਤੇ ਪਹੁੰਚੀ ਆਪ ਐਮਐਲਏ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਇਸ ਗੱਡੀ ਦਾ ਅਸੀਂ ਕਾਫੀ ਦੇਰ ਤੋਂ ਪਿੱਛਾ ਕਰ ਰਹੇ ਸੀ। ਉਹਨਾਂ ਕਿਹਾ ਕਿ ਗੱਡੀ ਕਾਲਜ ਦੇ ਵਿੱਚ ਜਦੋਂ ਆ ਕੇ ਅੰਦਰ ਵੜੀ ਤਾਂ ਗੱਡੀ ਦੇ ਵਿੱਚ ਬੈਠੇ ਲੋਕ ਸਾਨੂੰ ਵੇਖ ਕੇ ਭੱਜ ਗਏ। ਉਹਨਾਂ ਕਿਹਾ ਕਿ ਇਹ ਉਮੀਦਵਾਰ ਦੀ ਹੀ ਗੱਡੀ ਹੈ ਜੋ ਕਿ ਵਾਰਡ ਨੰਬਰ 38 ਤੋਂ ਚੋਣ ਮੈਦਾਨ ਦੇ ਵਿੱਚ ਹੈ। ਉਹਨਾਂ ਕਿਹਾ ਕਿ ਗੱਡੀ ਦੇ ਵਿੱਚੋਂ ਸ਼ਰਾਬ ਦੇ ਨਾਲ ਵੋਟਰ ਲਿਸਟ ਵੀ ਬਰਾਮਦ ਹੋਈਆਂ ਹਨ। ਜਿਸ ਤੋਂ ਜ਼ਾਹਿਰ ਹੈ ਕਿ ਇਹ ਵੋਟਰਾਂ ਨੂੰ ਸ਼ਰਾਬ ਵੰਡੀ ਜਾ ਰਹੀ ਸੀ। ਉਹਨਾਂ ਕਿਹਾ ਕਿ ਕਾਲਜ ਦੀ ਵੀ ਇਸ ਦੇ ਵਿੱਚ ਮਿਲੀ ਭੁਗਤ ਉਹਨਾਂ ਨੂੰ ਲੱਗ ਰਹੀ ਹੈ ਕਿਉਂਕਿ ਗੱਡੀ ਇੱਕ ਵਾਰੀ ਅੰਦਰ ਗਈ ਅਤੇ ਬਾਹਰ ਆਈ ਉਸ ਦੀ ਐਂਟਰੀ ਅਤੇ ਐਗਜਿਟ ਹੈ। ਉਸ ਤੋਂ ਬਾਅਦ ਫਿਰ ਗੱਡੀ ਅੰਦਰ ਹੀ ਬਰਾਮਦ ਹੋਈ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਕਾਲਜ ਮੁਲਾਜ਼ਮਾਂ ਨੇ ਆਖੀ ਇਹ ਗੱਲ
ਹਾਲਾਂਕਿ ਇਸ ਦੌਰਾਨ ਗੇਟ ਕੀਪਰ ਕਾਲਜ ਦੇ ਸਫਾਈ ਦਿੰਦੇ ਵੀ ਵਿਖਾਈ ਦਿੱਤੇ। ਜਿਸ 'ਚ ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਗੱਡੀ ਤੇਜ਼ ਰਫ਼ਤਾਰ ਨਾਲ ਕਾਲਜ 'ਚ ਦਾਖ਼ਲ ਹੋਈ ਹੈ। ਜਿਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਇਸ ਮਾਮਲੇ 'ਚ ਕਾਲਜ ਦੇ ਪ੍ਰਬੰਧਕਾਂ ਦਾ ਕੋਈ ਵੀ ਬਿਆਨ ਹਾਲੇ ਸਾਹਮਣੇ ਨਹੀਂ ਆਇਆ ਹੈ।
ਰਵਨੀਤ ਬਿੱਟੂ ਦਾ ਆਪ ਵਲੋਂ ਵਿਰੋਧ
ਉਧਰ ਦੇਰ ਸ਼ਾਮ 'ਆਪ' ਵਰਕਰਾਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਘਿਰਾਓ ਕੀਤਾ। ਉਨ੍ਹਾਂ ਦੀ ਕਾਰ ਦੀ ਘੇਰਾਬੰਦੀ ਕਰਕੇ 'ਆਪ' ਵਰਕਰਾਂ ਵਲੋਂ ਨਾਅਰੇਬਾਜ਼ੀ ਕਰਕੇ ਹੰਗਾਮਾ ਕੀਤਾ ਗਿਆ। ਇਸ ਦੇ ਨਾਲ ਹੀ 'ਆਪ' ਵਰਕਰਾਂ ਨੇ ਇਲਜ਼ਾਮ ਲਗਾਏ ਕਿ ਭਾਜਪਾ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਵੰਡ ਰਹੇ ਹਨ। ਜਿਸ ਤੋਂ ਬਾਅਦ ਸਥਿਤੀ ਨੂੰ ਵਿਗੜਦਾ ਦੇਖ ਕੇ ਪੁਲਿਸ ਕਮਿਸ਼ਨਰ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਵਲੋਂ ਮੌਕੇ ਤੋਂ ਰਵਨੀਤ ਬਿੱਟੂ ਨੂੰ ਭੇਜਿਆ ਗਿਆ।
ਆਪ ਵਿਧਾਇਕ ਦੇ ਬਿੱਟੂ 'ਤੇ ਇਲਜ਼ਾਮ
ਇਸ ਦੌਰਾਨ ਆਪ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਕੇਂਦਰ ਦਾ ਮੰਤਰੀ ਤੇ ਲੁਧਿਆਣਾ ਦਾ ਭਗੌੜਾ ਰਵਨੀਤ ਬਿੱਟੂ ਅੱਜ ਛਾਤੀ ਠੋਕ ਕੇ ਲੁਧਿਆਣਾ ਦੇ ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਪਤਾ ਨਹੀਂ ਕਿ ਉਹ 700 ਕਿਸਾਨਾਂ ਦਾ ਪਹਿਲਾਂ ਹੀ ਕਾਤਲ ਬਣ ਚੁੱਕੇ ਹਨ ਤੇ ਭਾਜਪਾ ਦਾ ਪਿੱਠੂ ਬਣ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਹੀ ਹੈ। ਉਨ੍ਹਾਂ ਕਿਹਾ ਕਿ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਛਡਾਉਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਕਾਰਵਾਈ ਨਾ ਹੋਈ ਤਾਂ ਵੀਡੀਓ ਵੀ ਜਾਰੀ ਕਰਾਂਗੇ।