ਹੈਦਰਾਬਾਦ: 'ਮੈਨੂੰ ਦੂਜੀ ਵਾਰ ਪਿਆਰ ਹੋਇਆ ਸੋਹਣਿਆ...ਦੂਜੀ ਵਾਰ ਵੀ ਹੋਇਆ ਹੈ ਤੇਰੇ ਨਾਲ' ਦੀ ਗਾਇਕਾ ਸੁਨੰਦਾ ਸ਼ਰਮਾ ਵੀ ਕਾਨਸ ਫਿਲਮ ਫੈਸਟੀਵਲ 2024 'ਚ ਪਹੁੰਚ ਗਈ ਹੈ ਅਤੇ ਗਾਇਕਾ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ।
ਗਾਇਕਾ ਅਤੇ ਪੰਜਾਬੀ ਅਦਾਕਾਰਾ ਸੁਨੰਦਾ ਸ਼ਰਮਾ ਇੱਥੇ ਰੈੱਡ ਕਾਰਪੇਟ 'ਤੇ ਆਪਣੇ ਦੇਸੀ ਲੁੱਕ 'ਚ ਨਜ਼ਰ ਆ ਰਹੀ ਹੈ। ਗਾਇਕਾ ਨੇ ਕਾਨਸ ਫਿਲਮ ਫੈਸਟੀਵਲ 2024 ਵਿੱਚ ਆਯੋਜਿਤ ਭਾਰਤ ਪਰਵ ਵਿੱਚ ਹਿੱਸਾ ਲਿਆ ਅਤੇ ਆਪਣੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸੁਨੰਦਾ ਨੇ ਇੱਥੇ ਸੂਚਨਾ ਪ੍ਰਸਾਰਣ ਸਕੱਤਰ ਸੰਜੇ ਜਾਜੂ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਵੀ ਸ਼ਿਰਕਤ ਕੀਤੀ।
ਪੰਜਾਬੀ ਲੁੱਕ 'ਚ ਰੈੱਡ ਕਾਰਪੇਟ 'ਤੇ ਛਾਈ ਗਾਇਕਾ: ਸੁਨੰਦਾ ਸ਼ਰਮਾ ਨੇ ਅੱਜ 17 ਮਈ ਨੂੰ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਕਾਨਸ ਤੋਂ ਵੀ ਵੱਡਾ ਤੋਹਫਾ ਦਿੱਤਾ ਹੈ। ਸੁਨੰਦਾ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, 'ਆਮ ਜਿਹੇ ਘਰ ਦੀ ਕੁੜੀ, ਸੁਪਨੇ ਇਹਨੇ ਖਾਸ ਕਦੋਂ ਤੋਂ ਲੈਣ ਲੱਗ ਪਾਈ, ਪਤਾ ਨਹੀਂ ਲੱਗਿਆ, ਤੁਸੀਂ ਹਮੇਸ਼ਾ ਮੈਨੂੰ ਪਿਆਰ ਅਤੇ ਇੱਜਤ ਬਖਸ਼ੀ ਹੈ, ਇਹ ਪੋਸਟ ਤੁਹਾਡੇ ਸਾਰਿਆਂ ਦੇ ਨਾਮ'। ਹਿਮਾਂਸ਼ੀ ਖੁਰਾਨਾ ਨੇ ਸੁਨੰਦਾ ਦੀ ਪੋਸਟ 'ਤੇ ਪਿਆਰੀ ਟਿੱਪਣੀ ਕੀਤੀ ਹੈ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸੁਨੰਦਾ ਨੇ ਕਾਨਸ ਵਿੱਚ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਹੈ। ਮਾਂਗ ਟਿੱਕਾ ਅਤੇ ਨੱਕ ਵਿੱਚ ਮੁੰਦਰੀ ਵੀ ਪਾਈ ਹੈ। ਰੈੱਡ ਕਾਰਪੇਟ 'ਤੇ ਸੁਨੰਦਾ ਦਾ ਇਹ ਦੇਸੀ ਪੰਜਾਬੀ ਲੁੱਕ ਗਾਇਕਾ ਦੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕਾਨਸ ਨੂੰ ਲੈ ਕੇ ਸੁਨੰਦਾ ਦੀ ਪੋਸਟ ਉਤੇ ਹੁਣ ਲਾਈਕਸ ਦਾ ਹੜ੍ਹ ਆ ਰਿਹਾ ਹੈ।