ਰੂਪਨਗਰ: ਸ਼ਹਿਰ ਵਿੱਚ 1992 ਪਾਣੀ ਦੀ ਸਪਲਾਈ ਕਰਨ ਲਈ ਪ੍ਰੋਜੈਕਟ ਲਗਾਇਆ ਗਿਆ ਸੀ। ਕਰੀਬ 32-33 ਸਾਲ ਬਾਅਦ ਸ਼ੁੱਕਰਵਾਰ (ਬੀਤੇ ਦਿਨ) ਨੂੰ ਨਵਾਂ ਪ੍ਰੋਜੈਕਟ ਲਗਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼ਹਿਰ ਦੀ ਅਬਾਦੀ ਉਸ ਲਗਾਏ ਗਏ ਪ੍ਰੋਜੈਕਟ ਦੇ ਹਿਸਾਬ ਨਾਲ ਤਿੰਨ ਗੁਣਾਂ ਵੱਧ ਚੁੱਕੀ ਹੈ ਅਤੇ ਸ਼ਹਿਰ ਦਾ ਵਿਸਥਾਰ ਵੱਡੇ ਪੱਧਰ ਉੱਤੇ ਹੋ ਚੁੱਕਾ ਹੈ ਪਰ ਪਾਣੀ ਪਹੁੰਚਾਉਣ ਵਾਲੇ ਪ੍ਰੋਜੈਕਟ ਉੱਤੇ ਕਿਸੇ ਸਰਕਾਰ ਵੱਲੋਂ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਜਿਸ ਕਰਕੇ ਲੋਕਾਂ ਨੂੰ ਇੱਥੇ ਪਾਣੀ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ
ਰੂਪਨਗਰ ਸ਼ਹਿਰ 'ਚ 1992 ਵਿੱਚ ਪਾਣੀ ਦੀ ਸਪਲਾਈ ਕਰਨ ਲਈ ਪ੍ਰੋਜੈਕਟ ਲਗਾਇਆ ਗਿਆ ਸੀ। ਉਸ ਤੋਂ ਬਾਅਦ 33 ਸਾਲ ਬਾਅਦ ਅੱਜ 2025 ਵਿੱਚ ਨਵਾਂ ਪ੍ਰੋਜੈਕਟ ਲਗਾਉਣ ਵੱਲ ਪਹਿਲਾ ਕਦਮ ਵਧਾਇਆ ਗਿਆ। ਗੱਲ ਕਰੀਏ ਤਾਂ ਇਨ੍ਹਾਂ ਬੀਤੇ ਦੋ ਦਹਾਕਿਆਂ ਵਿੱਚ ਅਬਾਦੀ ਵੀ ਕਈ ਗੁਣਾਂ ਵਧ ਚੁੱਕੀ ਹੈ ਤਾਂ ਪਾਣੀ ਦੀ ਮੁਸ਼ਕਲ ਆਉਣਾ ਵੀ ਸੁਭਾਵਿਕ ਹੈ। ਕਈ ਅਜਿਹੀਆਂ ਥਾਂਵਾਂ ਹਨ, ਜਿੱਥੇ ਹਫ਼ਤੇ ਵਿੱਚ ਸਿਰਫ਼ 3 ਵਾਰੀ ਹੀ ਪਾਣੀ ਪੀਣ ਨੂੰ ਮਿਲ ਰਿਹਾ ਸੀ। ਕਿਤੇ ਦਿਨ ਵਿੱਚ ਕੇਵਲ ਇੱਕ ਵਾਰੀ ਹੀ ਪਾਣੀ ਮੁੱਹਈਆ ਹੋ ਰਿਹਾ ਸੀ ਪਰ ਸਵਾਲ ਇਹ ਵੀ ਹੈ ਕਿ ਪਹਿਲੀਆਂ ਸਰਕਾਰਾਂ ਵੱਲੋਂ ਇਸ ਵੱਲ ਕੀ ਧਿਆਨ ਨਹੀਂ ਦਿੱਤਾ ਗਿਆ ਪਰ ਹੁਣ ਕਿਤੇ ਨਾ ਕਿਤੇ ਰੂਪਨਗਰ ਵਾਸੀਆਂ ਲਈ ਰਾਹਤ ਦੀ ਖ਼ਬਰ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਪੰਜਾਬ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਹੱਲ ਬਾਬਤ ਪਹਿਲ ਕਦਮੀ ਕੀਤੀ ਗਈ। ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਨੇ ਕਿਹਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਇਸ ਨਾਲ ਹੁਣ ਸਾਲ 2055 ਤੱਕ ਪਾਣੀ ਦੀ ਮੁਸ਼ਕਲ ਨਹੀਂ ਆਵੇਗੀ। ਇੰਨੇ ਸਾਲਾਂ ਦੌਰਾਨ ਜੇਕਰ ਅਬਾਦੀ ਵੱਧਦੀ ਵੀ ਹੈ ਤਾਂ ਪਾਣੀ ਪੂਰਾ ਹੁੰਦਾ ਰਹੇਗਾ।
ਕੈਬਨਿਟ ਮੰਤਰੀ ਨੇ ਰੱਖਿਆ ਨੀਂਹ ਪੱਥਰ, ਜਾਣੋ ਪ੍ਰੋਜੈਕਟ ਬਾਰੇ
ਜ਼ਿਕਰਯੋਗ ਹੈ ਕਿ ਕੈਬਿਨਟ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਰੋਪੜ ਵਿਖੇ ਪੁੱਜ ਕੇ ਕਰੀਬ 12. 47 ਕਰੋੜ ਦੇ ਨਵੇਂ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਸਤਲੁਜ ਦੇ ਕੰਢੇ ਵੱਸਦੇ ਰੋਪੜ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਵੱਡੇ ਪੱਧਰ ਉੱਤੇ ਪੇਸ਼ ਆ ਰਹੀ ਸੀ। ਸਤਲੁਜ ਦੇ ਕੰਢੇ ਹੀ ਇਹ ਨਵਾਂ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਅਤੇ ਹੁਣ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਨਹਿਰੀ ਪਾਣੀ ਨੂੰ ਟ੍ਰੀਟ ਕਰਕੇ ਲੋਕਾਂ ਲਈ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ, 'ਰੂਪਨਗਰ ਵਿੱਚ ਅੱਜ (ਸ਼ੁੱਕਰਵਾਰ) 12. 47 ਕਰੋੜ ਦੇ ਨਵੇਂ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਪ੍ਰੋਜੈਕਟ ਪੂਰਾ ਕਰਨ ਦਾ ਟਾਰਗੇਟ ਦਸੰਬਰ, ਸਾਲ 2025 ਹੈ। ਕੋਸ਼ਿਸ਼ ਹੋਵੇਗੀ ਕਿ ਜਲਦ ਤੋਂ ਜਲਦ ਇਹ ਕੰਮ ਨੇਪਰੇ ਚਾੜ੍ਹਿਆ ਜਾਵੇ। ਇਸ ਪ੍ਰੋਜੈਕਟ ਵਿੱਚ ਕੁੱਲ੍ਹ 8 ਕਿਲੋਮੀਟਰ ਪਾਈਪਲਾਈਨ ਪਾਈ ਜਾਵੇਗੀ ਜਿਸ ਵਿੱਚ ਰਾਈਜਿੰਗ ਮੇਨ 2.2 ਕਿਲੋਮੀਟਰ ਦਾ ਅਤੇ ਹਾਊਸਿੰਗ ਕਨੈਕਸ਼ਨ 1000 ਨੰਬਰ ਹੋਣਗੇ,'।
'ਡਿਪੋਰਟ ਹੋਏ ਨੌਜਵਾਨਾਂ ਦਾ ਮੁੱਦਾ ਸੀਐਮ ਦੇ ਧਿਆਨ ਵਿੱਚ ਹੈ'
ਇਸ ਮੌਕੇ ਕੈਬਿਨਟ ਵਜ਼ੀਰ ਵੱਲੋਂ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਮਾਮਲੇ ਉੱਤੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ "ਇਹ ਬਹੁਤ ਹੀ ਮੰਦਭਾਗਾ ਹੈ ਅਤੇ ਚਿੰਤਾ ਦਾ ਵਿਸ਼ਾ ਹੈ। ਸੀਐਮ ਸਾਬ੍ਹ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਹੈ। ਸਰਕਾਰ ਵੱਲੋਂ ਜਲਦ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਬੰਧੀ ਜਾਂ ਕੋਈ ਨਾ ਕੋਈ ਹੋਰ ਹੱਲ ਕੱਢਿਆ ਜਾਵੇਗਾ।"