ਚੰਡੀਗੜ੍ਹ:ਹਿੰਦੀ ਅਤੇ ਪੰਜਾਬੀ ਸੰਗੀਤ ਜਗਤ ਦੇ ਉੱਚ ਕੋਟੀ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਜ਼ੀਮ ਗਾਇਕ ਸੁਖਵਿੰਦਰ, ਜੋ ਅੱਜਕੱਲ੍ਹ ਸਟੇਜ਼ ਸ਼ੋਅਜ਼ ਦੀ ਦੁਨੀਆਂ ਵਿੱਚ ਵੀ ਵਿਲੱਖਣਤਾ ਭਰੇ ਵਜ਼ੂਦ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾ ਵਿੱਚ ਵਧਾਏ ਜਾ ਰਹੇ ਪ੍ਰਭਾਵੀ ਕਦਮਾਂ ਦਾ ਹੀ ਅਹਿਸਾਸ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਅੱਜ ਸ਼ਾਮ ਦਿੱਲੀ ਵਿਖੇ ਹੋਣ ਜਾ ਰਿਹਾ ਵਿਸ਼ਾਲ ਲਾਈਵ ਸ਼ੋਅ, ਜਿਸ ਵਿੱਚ ਹਿੱਸਾ ਲੈਣ ਲਈ ਇਹ ਸ਼ਾਨਦਾਰ ਗਾਇਕ ਦੇਸ਼ ਦੀ ਰਾਜਧਾਨੀ ਪੁੱਜ ਚੁੱਕੇ ਹਨ।
ਦਿੱਲੀ-ਭਰ ਦੇ ਕਲਾ, ਰਾਜਨੀਤੀਕ ਅਤੇ ਸਮਾਜਿਕ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਲਾਈਵ ਸ਼ੋਅ ਦਾ ਆਯੋਜਨ ਕਾਫ਼ੀ ਵਿਸ਼ਾਲ ਅਤੇ ਆਲੀਸ਼ਾਨ ਪੱਧਰ ਉੱਪਰ ਕੀਤਾ ਜਾ ਰਿਹਾ ਹੈ, ਜਿਸ ਨੂੰ ਮਿਲ ਰਹੇ ਸ਼ੁਰੂਆਤੀ ਹੁੰਗਾਰੇ ਨੂੰ ਲੈ ਕੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਵੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਾਫ਼ੀ ਲੰਮੇਂ ਸਮੇਂ ਬਾਅਦ ਗਾਇਕ ਸੁਖਵਿੰਦਰ ਉੱਤਰੀ ਭਾਰਤ ਦੇ ਇਸ ਖਿੱਤੇ ਸੰਬੰਧਤ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜੋ 'ਛਈਆਂ ਛਈਆਂ', 'ਲਾਈ ਵੀ ਨਾਂ ਗਈ', 'ਕਰ ਹਰ ਮੈਦਾਨ ਫ਼ਤਹਿ', 'ਲਗਨ ਲਾਗੀ', 'ਜੁਗਨੀ ਜੁਗਨੀ' ਅਤੇ 'ਜਯ ਹੋ' ਜਿਹੇ ਅਪਣੇ ਬੇਸ਼ੁਮਾਰ ਹਿੱਟ ਗਾਣਿਆਂ ਦੀ ਪੇਸ਼ਕਾਰੀ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰਨਗੇ।
ਹਾਲ ਹੀ ਦੇ ਦਿਨਾਂ ਵਿੱਚ ਦੁਬਈ ਅਤੇ ਮੁੰਬਈ ਵਿਖੇ ਆਯੋਜਿਤ ਸਫ਼ਲ ਸ਼ੋਅਜ ਦਾ ਪ੍ਰਸਤੁਤੀਕਰਨ ਕਰ ਚੁੱਕੇ ਗਾਇਕ ਸੁਖਵਿੰਦਰ ਸਿੰਘ ਫਿਲਮੀ ਪਲੇ ਗਾਇਕ ਦੇ ਤੌਰ ਉਤੇ ਵੀ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਪ੍ਰਗਟਾਵਾ ਲਗਾਤਾਰ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਬੀਤੇ ਦਿਨੀਂ ਨੈੱਟਫਲਿਕਸ ਦਾ ਹਿੱਸਾ ਬਣੀ ਅਤੇ ਕਿਰਨ ਰਾਓ ਨਿਰਦੇਸ਼ਿਤ ਸਫ਼ਲਤਮ ਫਿਲਮ 'ਲਾਪਤਾ ਲੇਡੀਜ਼' ਤੋਂ ਇਲਾਵਾ ਰਣਬੀਰ ਕਪੂਰ ਸਟਾਰਰ 'ਸ਼ਮਸ਼ੇਰਾ' ਆਦਿ ਬਹੁ-ਚਰਚਿਤ ਹਿੰਦੀ ਫਿਲਮਾਂ ਵਿੱਚ ਗਾਏ ਗਾਣਿਆਂ ਨੂੰ ਵੀ ਸਿਨੇਮਾ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।