ਅੰਮ੍ਰਿਤਸਰ:ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿੱਚ ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ, ਉੱਥੇ ਹੀ ਰੋਜ਼ਾਨਾ ਕਈ ਫਿਲਮੀ ਸਿਤਾਰੇ ਅਤੇ ਕਈ ਰਾਜਨੀਤਿਕ ਲੀਡਰ ਵੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੇ ਨਵੇਂ ਪ੍ਰੋਜੈਕਟਾਂ ਦੀ ਸਫ਼ਲਤਾ ਦੀ ਕਾਮਨਾ ਕਰਦੀਆਂ ਹਨ, ਜਿਸ ਦੇ ਚੱਲਦੇ ਅੱਜ ਪੰਜਾਬੀ ਫਿਲਮ 'ਰੇਡੂਆ ਰਿਟਰਨ' ਦੀ ਸਟਾਰਕਾਸਟ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੀ, ਜਿਸ ਵਿੱਚ ਭਾਰਤੀ ਰੈਸਲਰ 'ਦਿ ਗ੍ਰੇਟ ਖਲੀ' ਵੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫਿਲਮ 'ਰੇਡੂਆ ਰਿਟਰਨ' ਆ ਰਹੀ ਹੈ, ਜੋ ਕਿ ਇੱਕ ਪਰਿਵਾਰਿਕ ਫਿਲਮ ਹੈ ਅਤੇ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਲੋਕ ਇਸ ਫਿਲਮ ਨੂੰ ਵੱਧ ਤੋਂ ਵੱਧ ਦੇਖਣ। ਇਸ ਫਿਲਮ ਦੀ ਕਾਮਯਾਬੀ ਦੇ ਲਈ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਨ ਆਏ ਹਾਂ।
ਇਸ ਤੋਂ ਇਲਾਵਾ ਪੱਤਰਕਾਰਾਂ ਵੱਲੋਂ ਜਦੋਂ ਸਵਾਲ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਵਿੱਚ ਆਉਣ ਉਤੇ ਮਨਾਹੀ ਕੀਤੀ ਗਈ ਹੈ ਅਤੇ ਫਿਲਮ ਦੀ ਟੀਮ ਨੇ ਕਿਹਾ ਕਿ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਸਿਰਫ ਮੱਥਾ ਟੇਕਣ ਆਏ ਹਨ ਅਤੇ ਕਿਸੇ ਵੀ ਚੰਗੀ ਚੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਪਰਮਾਤਮਾ ਦਾ ਆਸਰਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਦੇ ਲਈ ਅੱਜ ਉਹ ਪਰਮਾਤਮਾ ਦਾ ਆਸ਼ੀਰਵਾਦ ਲੈਣ ਆਏ ਹਨ ਤਾਂ ਕਿ ਇਸ ਫਿਲਮ ਦੇ ਵਿੱਚ ਉਨ੍ਹਾਂ ਨੂੰ ਕਾਮਯਾਬੀ ਮਿਲੇ।