ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਮਾਣਮੱਤੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਸਥਾਪਿਤ ਕਰ ਚੁੱਕੇ ਹਨ ਪ੍ਰੀਤ ਸੰਘਰੇੜੀ, ਜੋ ਹੁਣ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਨਵੇਂ ਆਯਾਮ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰ ਰਹੇ ਹਨ, ਜਿਸ ਦਾ ਹੀ ਇਜ਼ਹਾਰ ਬਿਆਨ ਕਰਨ ਜਾ ਰਹੀ ਹੈ ਉਨਾਂ ਦੀ ਸ਼ੁਰੂ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ 'ਮੇਰਾ ਸਵੀਟੂ', ਜਿਸ ਦਾ ਨਿਰਦੇਸ਼ਨ ਪਾਲੀਵੁੱਡ ਦੇ ਉਭਰਦੇ ਅਤੇ ਪ੍ਰਤਿਭਾਵਾਨ ਫਿਲਮਕਾਰ ਮਨਵੀਰ ਬਰਾੜ ਕਰਨਗੇ, ਜੋ ਇੰਨੀਂ ਦਿਨੀਂ ਅਪਣੀ ਪਹਿਲੀ ਅਤੇ ਹਾਲ ਹੀ ਵਿੱਚ ਸੰਪੂਰਨ ਹੋਈ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੂੰ ਵੀ ਰਿਲੀਜਿੰਗ ਛੋਹਾਂ ਦੇਣ ਵਿੱਚ ਜੁਟੇ ਹੋਏ ਹਨ।
'ਓਮ ਜੀ ਸਿਨੇ ਵਰਲਡ' ਅਤੇ 'ਡਾਇਮੰਡ ਸਟਾਰ ਵਰਲਡ ਵਾਈਡਵਾਰਡ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਆਸੂ ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਕਰ ਰਹੇ ਹਨ, ਜਿੰਨਾਂ ਦੀ ਇਕੱਠਿਆਂ ਬਣਾਈ ਜਾ ਰਹੀ ਇਹ ਉਨ੍ਹਾਂ ਦੀ ਦੂਸਰੀ ਫਿਲਮ ਹੈ, ਜੋ ਇਸ ਤੋਂ ਪਹਿਲਾਂ 'ਰੋਜ਼ ਰੋਜ਼ ਤੇ ਗੁਲਾਬ' ਵਿੱਚ ਵੀ ਸਾਂਝੀ ਕਲੋਬਰੇਸ਼ਨ ਕਰ ਚੁੱਕੇ ਹਨ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।
ਜ਼ਿਲ੍ਹਾਂ ਸੰਗਰੂਰ ਅਧੀਨ ਪੈਂਦੇ ਪਿੰਡ ਸੰਘਰੇੜੀ ਨਾਲ ਸੰਬੰਧਤ ਹੋਣਹਾਰ ਗੀਤਕਾਰ ਪ੍ਰੀਤ ਸੰਘਰੇੜੀ ਲੇਖਕ ਦੇ ਤੌਰ 'ਤੇ ਸ਼ੁਰੂ ਹੋਣ ਜਾ ਰਹੀ ਅਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਉਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨਾਂ ਨੂੰ ਫਿਲਮੀ ਕਰੀਅਰ ਦੇ ਆਗਾਜ਼ ਦੌਰਾਨ ਹੀ ਲਗਾਤਾਰ ਦੂਸਰੀ ਵਾਰ ਨਾਮੀ-ਗਿਰਾਮੀ ਪ੍ਰੋਡੋਕਸ਼ਨ ਹਾਊਸ ਅਤੇ ਗੁਰਨਾਮ ਭੁੱਲਰ ਜਿਹੇ ਬਿਹਤਰੀਨ ਗਾਇਕ ਅਤੇ ਸੁਪਰ-ਸਟਾਰ ਲਈ ਲੇਖਨ ਕਰਨ ਦਾ ਅਵਸਰ ਮਿਲ ਰਿਹਾ ਹੈ, ਜੋ ਕਿ ਉਸ ਲਈ ਖੁਸ਼ਕਿਸਮਤੀ ਭਰੇ ਪਲ ਹਨ।