ਚੰਡੀਗੜ੍ਹ: ਪੰਜਾਬੀ ਅਦਾਕਾਰਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਦੀ ਧੀ ਸੋਨੀਆ ਮਾਨ ਐਤਵਾਰ ਨੂੰ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਈ ਹੈ। ਸਿਨੇਮਾ ਤੋਂ ਬਾਅਦ ਰਾਜਨੀਤੀਕ ਸਫ਼ਰ ਦੀ ਇੱਕ ਹੋਰ ਉੱਚੀ ਪਰਵਾਜ਼ ਵੱਲ ਵੱਧ ਚੁੱਕੀ ਹੈ ਸੋਨੀਆ ਮਾਨ ਦੇ ਕਰੀਅਰ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਨਜ਼ਰ:
ਪਾਲੀਵੁੱਡ ਅਤੇ ਬਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੀ ਹੈ ਅਦਾਕਾਰਾ ਸੋਨੀਆ ਮਾਨ, ਜਿੰਨ੍ਹਾਂ ਵੱਲੋਂ ਅਪਣੇ ਫਿਲਮੀ ਸਫ਼ਰ ਦਾ ਆਗਾਜ਼ ਲਾਈਨ ਪ੍ਰੋਡੋਕਸ਼ਨ ਟੀਮ ਵਿੱਚ ਸੁਪਰਵੀਜ਼ਨ ਹੈੱਡ ਦੇ ਰੂਪ ਵਿੱਚ ਕੀਤਾ ਗਿਆ, ਜਿਸ ਦੌਰਾਨ ਅਮਰਿੰਦਰ ਗਿੱਲ ਸਟਾਰਰ 'ਇੱਕ ਕੁੜੀ ਪੰਜਾਬ ਦੀ' ਸਮੇਤ ਕਈ ਵੱਡੀਆਂ ਫਿਲਮਾਂ ਨੂੰ ਬਿਹਤਰੀਨ ਰੂਪ ਦੇਣ ਵਿੱਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ।
ਉੱਤਰਾਖੰਡ ਦੇ ਹਲਦਵਾਨੀ ਨਾਲ ਸੰਬੰਧਤ ਸੋਨੀਆ ਮਾਨ ਦੇ ਪਿਤਾ ਮਰਹੂਮ ਬਲਦੇਵ ਸਿੰਘ ਪ੍ਰਮੁੱਖ ਕਿਸਾਨ ਆਗੂ ਵਜੋਂ ਸ਼ੁਮਾਰ ਰਹੇ, ਜਿੰਨ੍ਹਾਂ ਦੀ 1980 ਦੇ ਦਹਾਕੇ ਵਿੱਚ ਗੈਰ ਸਮਾਜਿਕ ਅਨਸਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਜੇਕਰ ਅਦਾਕਾਰੀ ਸਫ਼ਰ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਤੋਂ ਇਲਾਵਾ ਹਿੰਦੀ ਸਮੇਤ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਦਾ ਵੀ ਸ਼ਾਨਦਾਰ ਹਿੱਸਾ ਰਹੀ ਇਹ ਪ੍ਰਤਿਭਾਵਾਨ ਅਦਾਕਾਰਾ, ਜਿੰਨ੍ਹਾਂ ਨੇ ਮਲਿਆਲਮ, ਹਿੰਦੀ, ਤੇਲਗੂ ਅਤੇ ਮਰਾਠੀ ਫਿਲਮਾਂ ਵਿੱਚ ਅਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਦਾ ਮਾਣ ਹਾਸਿਲ ਕੀਤਾ ਹੈ।

ਬਤੌਰ ਅਦਾਕਾਰਾ ਉਨ੍ਹਾਂ ਦੀ ਜੋ ਪਹਿਲੀ ਫਿਲਮ ਰਹੀ, ਉਹ ਸੀ ਮਲਿਆਲਮ ਫਿਲਮ 'ਹਾਈਡ ਐਨ ਸੀਕ', ਜਿਸ ਉਪਰੰਤ ਉਸਨੇ 2012 ਵਿੱਚ 'ਕਹੀਂ ਹੈ ਮੇਰਾ ਪਿਆਰ' ਨਾਲ ਹਿੰਦੀ ਫਿਲਮਾਂ ਵਿੱਚ ਆਪਣੀ ਸ਼ੁਰੂਆਤ ਕੀਤੀ। ਸਾਲ 2020 ਵਿੱਚ ਆਈ 'ਹੈਪੀ ਹਾਰਡੀ ਐਂਡ ਹੀਰ' ਵੀ ਉਨ੍ਹਾਂ ਦੀ ਵੱਡੀ ਬਾਲੀਵੁੱਡ ਪ੍ਰਾਪਤੀ ਵਜੋਂ ਸ਼ੁਮਾਰ ਰਹੀ ਹੈ, ਜਿਸ ਵਿੱਚ ਉਸਨੇ ਹਿਮੇਸ਼ ਰੇਸ਼ਮੀਆ ਦੇ ਨਾਲ ਲੀਡ ਭੂਮਿਕਾ ਨਿਭਾਈ।
ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਖੇ ਪਲੀ ਅਤੇ ਵੱਡੀ ਹੋਈ ਅਦਾਕਾਰਾ ਸੋਨੀਆ ਮਾਨ ਸਾਲ 2021 ਵਿੱਚ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸੁਰਖੀਆਂ ਦਾ ਕੇਂਦਰ ਬਿੰਦੂ ਬਣੀ ਰਹੀ ਹੈ, ਜਿਸ ਵੱਲੋਂ ਸਮੇਂ ਦਰ ਸਮੇਂ ਦਿੱਤੇ ਕਈ ਬਿਆਨ ਵੀ ਖਾਸੇ ਵਿਵਾਦ ਦਾ ਕੇਂਦਰ ਬਿੰਦੂ ਰਹੇ ਹਨ।

ਸਿਨੇਮਾ ਅਤੇ ਰਾਜਨੀਤੀਕ ਗਲਿਆਰਿਆਂ ਵਿੱਚ ਛਾਈ ਰਹਿਣ ਵਾਲੀ ਅਦਾਕਾਰਾ ਸੋਨੀਆ ਮਾਨ ਵੱਲੋਂ ਕੀਤੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਬੜੇ ਚੰਗੇ ਨੇ ਮੇਰੇ ਯਾਰ', 'ਮੋਟਰ ਮਿੱਤਰਾਂ ਦੀ', '25 ਕਿੱਲੇ', 'ਹਾਣੀ', 'ਲੰਕਾ' ਆਦਿ ਸ਼ੁਮਾਰ ਰਹੀਆਂ ਹਨ।
ਰਾਜਨੀਤਿਕ ਖਿੱਤੇ ਵਿੱਚ ਵੱਡੀ ਪੁਲਾਂਘ ਭਰ ਚੁੱਕੀ ਇਸ ਪ੍ਰਭਾਵੀ ਅਦਾਕਾਰਾ ਦੇ ਮੌਜੂਦਾ ਵਰਕਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਸਟ੍ਰੀਮ ਹੋਣ ਜਾ ਰਹੀ ਓਟੀਟੀ ਫਿਲਮ 'ਕਾਂਸਟੇਬਲ ਹਰਜੀਤ ਕੌਰ' ਵਿੱਚ ਵੀ ਨਜ਼ਰ ਆਵੇਗੀ, ਜਿੰਨ੍ਹਾਂ ਦੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: