ਚੰਡੀਗੜ੍ਹ: ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਵਿੱਚ ਨਜ਼ਰ ਆਏ ਸਟਾਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਲੰਮੇਂ ਵਕਫ਼ੇ ਬਾਅਦ ਇੱਕ ਫਿਰ ਸਿਲਵਰ ਸਕਰੀਨ ਉਤੇ ਪ੍ਰਭਾਵੀ ਦਸਤਕ ਦੇਣ ਲਈ ਤਿਆਰ ਹਨ, ਜੋ ਇੰਨੀ ਦਿਨੀਂ ਅਪਣੀ ਨਵੀਂ ਫਿਲਮ 'ਚੱਲ ਮੇਰਾ ਪੁੱਤ 4' ਦੇ ਸ਼ੂਟ ਵਿੱਚ ਮਸ਼ਰੂਫ਼ ਹਨ, ਜਿਸ ਦੀ ਲੰਦਨ ਵਿਖੇ ਸ਼ੁਰੂ ਹੋ ਚੁੱਕੀ ਸ਼ੂਟਿੰਗ ਦਾ ਪਾਕਿਸਤਾਨ ਦੇ ਤਿੰਨ ਮਸ਼ਹੂਰ ਚਿਹਰਿਆਂ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਫਿਲਮ ਦੇ ਕਰੂ ਨੂੰ ਜੁਆਇੰਨ ਕਰ ਲਿਆ ਗਿਆ ਹੈ।
'ਰਿਦਮ ਬੁਆਏਜ਼ ਇੰਟਰਟੇਨਮੈਂਟ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਜਨਜੋਤ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲੋਂ ਇਸੇ ਸੀਰੀਜ਼ ਦੀਆਂ ਤਿੰਨਾਂ ਫਿਲਮਾਂ ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।
'ਯੂਨਾਈਟਿਡ ਕਿੰਗਡਮ' ਦੇ ਵੱਖ-ਵੱਖ ਅਤੇ ਮਨਮੋਹਕ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਇਸ ਕਾਮੇਡੀ-ਡ੍ਰਾਮੈਟਿਕ ਅਤੇ ਇਮੋਸ਼ਨਲ ਫਿਲਮ ਵਿੱਚ ਅਮਰਿੰਦਰ ਗਿੱਲ ਮੁੱਖ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਲਹਿੰਦੇ ਪੰਜਾਬ ਦੇ ਜੋ ਕਲਾਕਾਰ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ, ਉਨ੍ਹਾਂ ਵਿੱਚ ਨਾਸਿਰ ਚਿਨਯੋਤੀ, ਅਕਰਮ ਉਦਾਸ ਅਤੇ ਇਫ਼ਤਿਖਾਰ ਠਾਕੁਰ ਆਦਿ ਸ਼ੁਮਾਰ ਹਨ, ਜੋ ਇਸ ਤੋਂ ਪਹਿਲਾਂ ਆਏ ਇਸੇ ਫਿਲਮ ਦੇ ਤਿੰਨੋਂ ਭਾਗਾਂ ਦਾ ਵੀ ਮਹੱਤਵਪੂਰਨ ਹਿੱਸਾ ਰਹੇ ਹਨ।

ਸਾਲ 2019, 2020 ਅਤੇ 2021 ਵਿੱਚ ਸਾਹਮਣੇ ਆਈਆਂ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2' ਅਤੇ 'ਚੱਲ ਮੇਰਾ ਪੁੱਤ 3' ਦੇ ਚੌਥੇ ਭਾਗ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਨੂੰ ਇਸ ਵਾਰ ਪਹਿਲੋਂ ਨਾਲ ਵੀ ਵੱਡੇ ਬਜਟ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦਾ ਜਾ ਰਿਹਾ ਹੈ।
ਪੰਜਾਬੀ ਸਿਨੇਮਾ ਦੀਆਂ ਇਸ ਵਰ੍ਹੇ 2025 ਦੌਰਾਨ ਸਾਹਮਣੇ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾ ਰਹੀ ਹੈ ਉਕਤ ਫਿਲਮ, ਜਿਸ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਪਾਲੀਵੁੱਡ ਦੇ ਮੰਨੇ-ਪ੍ਰਮੰਨੇ ਲੇਖਕ ਰਾਕੇਸ਼ ਧਵਨ ਵੱਲੋਂ ਲਿਖੀ ਉਕਤ ਫਿਲਮ ਨੂੰ 01 ਅਗਸਤ 2025 ਨੂੰ ਦੁਨੀਆਂ ਭਰ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲਹਿੰਦੇ ਪੰਜਾਬ ਦੇ ਦਰਸ਼ਕਾਂ ਵਿੱਚ ਵੀ ਭਾਰੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ: