ਚੰਡੀਗੜ੍ਹ:ਛੋਟੇ ਪਰਦੇ ਅਤੇ ਓਟੀਟੀ ਦੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ ਅਤੇ ਹੋਸਟ ਕਪਿਲ ਸ਼ਰਮਾ, ਜੋ ਅੱਜਕੱਲ੍ਹ ਆਪਣੀ ਨਵੀਂ ਹਿੰਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਵਿੱਚ ਬਣੇ ਹੋਏ ਹਨ, ਜਿੰਨ੍ਹਾਂ ਦੀ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਇਸ ਫਿਲਮ ਵਿੱਚ ਪਾਲੀਵੁੱਡ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹੀ ਸ਼ਵਿੰਦਰ ਮਾਹਲ ਤੋਂ ਬਾਅਦ ਹੁਣ ਦਿੱਗਜ ਅਦਾਕਾਰ ਮਹਾਂਬੀਰ ਭੁੱਲਰ ਨੂੰ ਵੀ ਇਸ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਅਪਣੇ ਹਿੱਸੇ ਦੀ ਸ਼ੂਟਿੰਗ ਲਈ ਮੱਧ-ਪ੍ਰਦੇਸ਼ ਦੇ ਖੂਬਸੂਰਤ ਨਵਾਬੀ ਸ਼ਹਿਰ ਭੋਪਾਲ ਪੁੱਜ ਚੁੱਕੇ ਹਨ।
ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਮਾਣ ਕੰਪਨੀ 'ਵੀਨਸ ਵਰਲਡਵਾਈਡ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ' ਦੇ ਬੈਨਰ ਅਤੇ 'ਅੱਬਾਸ ਮਸਤਾਨ ਫਿਲਮਜ' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਅਨੂਕਲਪ ਗੌਸਵਾਮੀ ਕਰ ਰਹੇ ਹਨ, ਜੋ ਨੈੱਟਫਲਿਕਸ ਦੇ ਸ਼ੋਅ ਦਾ 'ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਕਮਾਂਡ ਵੀ ਸੰਭਾਲਦੇ ਆ ਰਹੇ ਹਨ।
ਸਾਲ 2015 ਵਿੱਚ ਆਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ 'ਕਿਸ ਕਿਸ ਕੋ ਪਿਆਰ ਕਰੂੰ' ਦੇ ਦੂਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੀ ਸ਼ੂਟਿੰਗ ਇੰਨੀ ਦਿਨੀਂ ਝੀਲਾਂ ਦਾ ਖੂਬਸੂਰਤ ਸ਼ਹਿਰ ਮੰਨੇ ਜਾਂਦੇ ਭੋਪਾਲ ਦੇ ਵੱਖ-ਵੱਖ ਅਤੇ ਮਨਮੋਹਕ ਹਿੱਸਿਆਂ ਵਿੱਚ ਪੂਰੀ ਕੀਤੀ ਜਾ ਰਹੀ ਹੈ।