ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਦੋਹਾਂ ਹੀ ਖੇਤਰਾਂ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ-ਅਦਾਕਾਰ ਜੱਸੀ ਗਿੱਲ, ਜਿੰਨਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਫੁਰਤੀਲਾ' ਰਿਲੀਜ਼ ਲਈ ਤਿਆਰ ਹੈ, ਜਿਸ ਨੂੰ ਆਗਾਮੀ ਮਹੀਨੇ 26 ਅਪ੍ਰੈਲ ਨੂੰ ਵਰਲਡ ਵਾਈਡ ਜਾਰੀ ਕੀਤਾ ਜਾ ਰਿਹਾ ਹੈ।
'ਓਟ ਫਿਲਮਜ਼' ਅਤੇ 'ਅਮਰ ਹੁੰਦਲ ਫਿਲਮਜ਼' ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਵਿੱਚ ਜੱਸੀ ਗਿੱਲ ਅਤੇ ਅਮਾਇਰਾ ਦਸਤੂਰ ਲੀਡ ਜੋੜੀ ਦੇ ਰੂਪ ਵਿੱਚ ਨਜ਼ਰ ਅਉਣਗੇ, ਜਿੰਨਾਂ ਨਾਲ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਚਿਹਰੇ ਵੀ ਲੀਡਿੰਗ ਕਿਰਦਾਰਾਂ ਵਿੱਚ ਵਿਖਾਈ ਦੇਣਗੇ, ਜਿੰਨਾਂ ਵਿੱਚ ਹਨੀ ਮੱਟੂ, ਪ੍ਰਿੰਸ ਕੰਵਲਜੀਤ ਸਿੰਘ, ਕਵੀ ਸਿੰਘ, ਸੁਖਵਿੰਦਰ ਚਾਹਲ, ਅਜੇ ਜੇਠੀ, ਬਲਵਿੰਦਰ ਬੁਲੇਟ ਅਤੇ ਪਰਦੀਪ ਚੀਮਾ ਆਦਿ ਸ਼ੁਮਾਰ ਹਨ।
ਇਸ ਤੋਂ ਇਲਾਵਾ ਜੇਕਰ ਇਸ ਰੁਮਾਂਟਿਕ ਡਰਾਮਾ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਬਿੱਗ ਸੈਟਅੱਪ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੇ ਡਾਇਲਾਗ ਲੇਖਕ ਗੁਰਦੀਪ ਮਨਾਲੀਆ ਅਤੇ ਰਿਆਨ ਖਾਨ, ਸਿਨੇਮਾਟੋਗ੍ਰਾਫ਼ਰ ਸੁਖ ਕੰਬੋਜ਼, ਕਾਰਜਕਾਰੀ ਅਤੇ ਲਾਈਨ ਨਿਰਮਾਤਾ ਲਿਵ ਲਾਈਫ ਫਿਲਮਜ਼, ਸੰਪਾਦਕ ਗੁਰਜੀਤ ਹੁੰਦਲ, ਬੈਕਗਰਾਊਂਡ ਸਕੋਰਰ ਕਵਿਨ ਰਾਏ ਹਨ।
ਹਾਲ ਹੀ ਵਿੱਚ ਚਰਚਿਤ ਗਾਇਕਾ ਸ਼ਿਪਰਾ ਗੋਇਲ ਨਾਲ ਰਿਲੀਜ਼ ਹੋਏ ਦੋਗਾਣੇ 'ਸ਼ਰਤ ਲਗਾ ਕੇ' ਅਤੇ ਮਸ਼ਹੂਰ ਧਾਰਮਿਕ ਵਕਤਾ ਜਯਾ ਕਿਸ਼ੋਰੀ ਨਾਲ ਜਾਰੀ ਹੋਏ ਧਾਰਮਿਕ ਗੀਤ 'ਸੋ ਦੁੱਖ ਕੈਸਾ ਪਾਵੈ' ਨਾਲ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਬਾਕਮਾਲ ਗਾਇਕ ਅਤੇ ਅਦਾਕਾਰ ਜੱਸੀ ਗਿੱਲ, ਜੋ ਆਪਣੀ ਉਕਤ ਨਵੀਂ ਫਿਲਮ ਨੂੰ ਲੈ ਕੇ ਇੰਨੀਂ ਦਿਨੀਂ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਅਨੁਸਾਰ ਉਨਾਂ ਦੀ ਇਹ ਫਿਲਮ ਬਹੁਤ ਹੀ ਨਿਵੇਕਲੇ ਕਹਾਣੀਸਾਰ ਅਧੀਨ ਬਣਾਈ ਹੈ, ਜਿਸ ਵਿੱਚ ਉਹ ਬਹੁਤ ਹੀ ਅਲਹਦਾ ਅਤੇ ਦਿਲਚਸਪ ਰੰਗ ਵਿੱਚ ਰੰਗਿਆ ਰੋਲ ਅਦਾ ਕਰ ਰਹੇ ਹਨ ਅਤੇ ਇਸ ਨੂੰ ਨਿਭਾਉਣਾ ਉਨਾਂ ਲਈ ਚੁਣੌਤੀਪੂਰਨ ਵੀ ਰਿਹਾ ਹੈ, ਕਿਉਂਕਿ ਅਜਿਹਾ ਕਿਰਦਾਰ ਉਨਾਂ ਅਪਣੇ ਹੁਣ ਤੱਕ ਦੇ ਫਿਲਮ ਕਰੀਅਰ ਦੌਰਾਨ ਕਿਸੇ ਫਿਲਮ ਵਿੱਚ ਅਦਾ ਨਹੀ ਕੀਤਾ।
ਓਧਰ ਜੇਕਰ ਇਸ ਫਿਲਮ ਦੇ ਨਿਰਮਾਣਕਾਰ ਅਮਰ ਹੁੰਦਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਥੋੜੇ ਜਿਹੇ ਸਮੇਂ ਵਿੱਚ ਉਹ ਆਪਣੀ ਗਿਣਤੀ ਪੰਜਾਬੀ ਸਿਨੇਮਾ ਦੇ ਉੱਚ ਕੋਟੀ ਨਿਰਦੇਸ਼ਕਾਂ ਵਿੱਚ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨਾਂ ਦੀਆਂ ਨਿਰਦੇਸ਼ਿਤ ਕੀਤੀਆਂ ਫਿਲਮਾਂ 'ਵਾਰਨਿੰਗ' ਸੀਰੀਜ਼ ਤੋਂ ਇਲਾਵਾ 'ਬੱਬਰ' ਜਿਹੀਆਂ ਫਿਲਮਾਂ ਸ਼ਾਮਿਲ ਰਹੀਆਂ ਹਨ।