ਅੰਮ੍ਰਿਤਸਰ: ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਕਾਂਗਰਸੀ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਕਾਂਗਰਸੀ ਆਗੂਆਂ ਨੇ ਆਖਿਆ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 24 ਸੀਟਾਂ ਆਈਆਂ ਹਨ। ਇਸੇ ਕਾਰਨ ਉਹ ਆਪਣਾ ਮੇਅਰ ਬਣਾਉਣਾ ਚਾਹੁੰਦੀ ਹੈ। ਜਿਸ ਲਈ ਉਹ ਕਾਂਗਰਸ ਦੇ ਕੌਂਸਲਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਕੌਂਸਲਰਾਂ ਦੇ ਘਰ ਪੁਲਿਸ ਭੇਜੀ ਗਈ
ਇਸ ਮੌਕੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਖਿਆ ਕਿ ਸਾਡੇ ਕੌਂਸਲਰਾਂ ਦੇ ਘਰਾਂ 'ਚ ਪੁਲਿਸ ਭੇਜ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਉਨ੍ਹਾਂ ਨੂੰ ਡਰਾਇਆ ਧਮਾਕਿਆ ਜਾ ਰਿਹਾ ਹੈ। ਇਸੇ ਕਾਰਨ ਸਾਡੇ ਵੱਲੋਂ ਅੰਮ੍ਰਿਤਸਰ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਨੇ ਆਖਿਆ ਕਿ ਕਮਿਸ਼ਨਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੁੱਝ ਵੀ ਗਲਤ ਕੰਮ ਨਹੀਂ ਹੋਣ ਦੇਣਗੇ। ਜਦਕਿ ਗੁਰਜੀਤ ਔਜਲਾ ਨੇ ਕਿਹਾ ਕਿ ਸੱਤਾ ਕਾਰਨ ਆਮ ਆਦਮੀ ਪਾਰਟੀ ਸਾਡੇ ਕੌਂਸਲਰਾਂ 'ਤੇ ਝੂਠੇ ਪਰਚੇ ਪਾ ਰਹੀ ਹੈ। ਪੁਲਿਸ ਦਾ ਵੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਅਸੀਂ ਧੱਕਾ ਬਰਦਾਸ਼ਤ ਨਹੀਂ ਕਰਾਂਗੇ
ਸਾਂਸਦ ਗੁਰਜੀਤ ਔਜਲਾ ਨੇ ਆਖਿਆ ਕਿ ਅਸੀਂ ਕਿਸੇ ਵੀ ਕੀਮਤ 'ਤੇ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਹੈ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਇਸੇ ਲਈ ਲਿਆਂਦਾ ਸੀ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਨਾ ਕਿ ਆਮ ਲੋਕਾਂ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾਵੇ।