ਲੁਧਿਆਣਾ: 1984 ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੱਜਣ ਕੁਮਾਰ ਦੇ ਖਿਲਾਫ ਦੋਸ਼ ਤੈਅ ਹੋਣ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ। ਪਿਛਲੀ ਤਰੀਕ 'ਤੇ ਵੀ ਫੈਸਲਾ ਨਹੀਂ ਆਇਆ ਸੀ ਅਤੇ ਅੱਜ ਦੀ ਤਰੀਕ ਸਜ਼ਾ ਲਈ ਮੁਕੱਰਰ ਕੀਤੀ ਗਈ ਸੀ। ਅੱਜ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ 1984 ਸਿੱਖ ਨਸਲਕੁਸ਼ੀ ਪੀੜਤਾਂ ਨੇ ਸਜ਼ਾ ਨੂੰ ਨਾ ਕਾਫੀ ਦੱਸਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 1984 ਸਿੱਖ ਨਸਲ ਕੁਸ਼ੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ।
ਸਾਰੀ ਜਾਇਦਾਦ ਵੀ ਕਰਨੀ ਚਾਹੀਦੀ ਸੀ ਜ਼ਬਤ
ਇਸ ਤੋਂ ਇਲਾਵਾ ਸੁਰਜੀਤ ਸਿੰਘ ਕਿਹਾ ਕਿ ਜੁਰਮਾਨਾ ਵੀ ਘੱਟ ਲਗਾਇਆ ਗਿਆ ਹੈ। ਸਾਰੀ ਜਾਇਦਾਦ ਜ਼ਬਤ ਕੀਤੀ ਜਾਣੀ ਚਾਹੀਦੀ ਸੀ। ਇਸ ਮੌਕੇ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਤੋਂ ਉਜੜੇ ਹਾਂ, ਉਨ੍ਹਾਂ ਦੇ ਬੱਚਿਆਂ ਨੂੰ ਵੀ ਉਜੜਨ ਲਈ ਮਜ਼ਬੂਰ ਕਰਨਾ ਚਾਹੀਦਾ ਸੀ। ਗੁਰਦੀਪ ਕੌਰ ਨੇ ਉਦੋਂ ਦੇ ਹਾਲਾਤ ਦੱਸਦੇ ਹੋਏ ਕਿਹਾ ਕਿ ਸਾਨੂੰ ਆਪਣੇ ਘਰ ਛੱਡ ਕੇ ਪੰਜਾਬ ਆਉਣਾ ਪਿਆ ਸੀ। ਸਾਡੀ ਸਾਰੀ ਜਾਇਦਾਦ ਖ਼ਤਮ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੀ ਪੂਰੀ ਜਾਇਦਾਦ ਅਟੈਚ ਕਰਨੀ ਚਾਹੀਦੀ ਹੈ।

ਹੋਰ ਮੁਲਜ਼ਮਾਂ ਨੂੰ ਵੀ ਮਿਲਣੀ ਚਾਹੀਦੀ ਸਜ਼ਾ
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਇਸ ਦੇ ਖਿਲਾਫ਼ ਮੰਗ ਕਰਾਂਗੇ ਕਿ ਉਸ ਨੂੰ ਪਹਿਲਾਂ ਗ੍ਰਿਫਤਾਰ ਕਰਨਾ ਚਾਹੀਦਾ ਸੀ, ਉਸ ਤੋਂ ਬਾਅਦ ਜੇਲ੍ਹ ਭੇਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਫੈਸਲੇ ਤੋਂ ਕੁਝ ਖਾਸ ਖੁਸ਼ ਨਹੀਂ ਹਾਂ, ਸਾਡੇ ਹਾਲੇ ਵੀ ਜ਼ਖਮ ਤਾਜ਼ੇ ਹਨ। 40 ਸਾਲ ਤੋਂ ਅਸੀਂ ਇਨਸਾਫ ਦੀ ਉਡੀਕ ਕਰ ਰਹੇ ਹਾਂ ਪਰ ਇਨਸਾਫ਼ ਮਿਲ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਸੱਜਣ ਕੁਮਾਰ ਹੀ ਨਹੀਂ ਸਗੋਂ ਅਜੇ ਮਾਕਨ ਅਤੇ ਕਮਲਨਾਥ ਅਤੇ ਹੋਰ ਜੋ ਵੀ ਸੀ, ਉਨ੍ਹਾਂ 'ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।