ਅੰਮ੍ਰਿਤਸਰ : ਅਜਨਾਲਾ ਵਿੱਖੇ ਮਹਾ ਸ਼ਿਵਰਾਤਰੀ ਨੂੰ ਲੈ ਕੇ ਮੰਦਰਾਂ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਮੰਦਰਾਂ ਨੂੰ ਸਜਾਇਆ ਜਾ ਰਿਹਾ ਹੈ। ਉੱਥੇ ਹੀ ਰੰਗ ਬਰੰਗੇ ਫੁੱਲਾਂ ਅਤੇ ਗੁਬਾਰਿਆਂ ਦੇ ਨਾਲ ਮੰਦਰਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਤੇ ਸ਼ਿਵ ਭਗਤਾਂ ਦੇ ਵਿੱਚ ਕਾਫੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਸ਼ਿਵਰਾਤਰੀ ਵਾਲੇ ਦਿਨ ਭੋਲੇ ਬਾਬਾ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ।
ਇਸ ਮੌਕੇ ਮੰਦਿਰ ਦੇ ਪੁਜਾਰੀ ਅਤੇ ਸ਼ਰਧਾਲੂਆਂ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਬਾਬਾ ਦਾ ਸ਼ਗਨ ਲੈ ਕੇ ਫਤਿਹਗੜ੍ਹ ਚੂੜੀਆਂ ਜਾਇਆ ਜਾਵੇਗਾ ਤੇ ਉੱਥੇ ਭੋਲੇ ਬਾਬਾ ਦਾ ਸ਼ਗਨ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਜਨਾਲਾ ਤੋਂ ਭੋਲੇ ਬਾਬਾ ਦਾ ਸ਼ਗਨ ਲੈ ਕੇ ਸ਼ਰਧਾਲੂ ਫਤਿਹਗੜ ਚੂੜੀਆਂ ਦੇ ਲਈ ਰਵਾਨਾ ਹੁੰਦੇ ਹਨ ਤੇ ਉੱਥੇ ਜਾ ਕੇ ਭੋਲੇ ਬਾਬਾ ਦਾ ਸ਼ਗਨ ਲਗਾਉਂਦੇ ਹਨ। ਇਸ ਦਿਨ ਅਜਨਾਲਾ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਸਾਰਾ ਦਿਨ ਭੋਲੇ ਬਾਬਾ ਦਾ ਭੰਡਾਰਾ ਚੱਲਦਾ ਹੈ।

ਸ਼ਿਵਰਾਤਰੀ ਦਾ ਇਤਿਹਾਸ
ਮੰਦਿਰ ਦੇ ਪੁਜਾਰੀ ਨੇ ਦੱਸਿਆ ਹੈ ਕਿ ਮਹਾ ਸ਼ਿਵਰਾਤਰੀ ਇੱਕ ਹਿੰਦੂ ਤਿਉਹਾਰ ਹੈ ਜੋ ਸ਼ਿਵ ਜੀ ਪ੍ਰਤੀ ਪੂਜਾ ਭਾਵ ਕਰ ਕੇ ਹਰ ਸਾਲ ਮਨਾਇਆ ਜਾਂਦਾ ਹੈ। ਭਾਰਤੀ ਮਿਥ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ਉੱਤੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਗਰਾਤਾ ਕਰ ਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।

ਮਹਾਸ਼ਿਵਰਾਤਰੀ ਪੂਜਾ ਦਾ ਸ਼ੁਭ ਸਮਾਂ
ਮਹਾਸ਼ਿਵਰਾਤਰੀ ਦੇ ਦਿਨ ਨਿਸ਼ੀਤਾ ਕਾਲ ਦੌਰਾਨ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਪੰਚਾਂਗ ਅਨੁਸਾਰ, ਇਸ ਦਿਨ, ਨਿਸ਼ੀਤਾ ਕਾਲ 26 ਫਰਵਰੀ ਦੀ ਰਾਤ ਨੂੰ 12:09 ਵਜੇ ਤੋਂ 12:59 ਵਜੇ ਤੱਕ ਹੋਵੇਗਾ। ਇਸ ਦੌਰਾਨ ਸ਼ਰਧਾਲੂਆਂ ਨੂੰ ਪੂਜਾ ਲਈ ਸਿਰਫ਼ 50 ਮਿੰਟ ਮਿਲਣਗੇ। ਇਸ ਤੋਂ ਇਲਾਵਾ, ਮਹਾਸ਼ਿਵਰਾਤਰੀ ‘ਤੇ ਰਾਤਰੀ ਜਾਗਰਣ ਦਾ ਵਿਸ਼ੇਸ਼ ਮਹੱਤਵ ਹੈ ਅਤੇ ਰਾਤ ਨੂੰ ਚਾਰ ਪ੍ਰਹਿਰ ਦੀ ਪੂਜਾ ਕਰਨਾ ਵੀ ਬਹੁਤ ਸ਼ੁਭ ਹੁੰਦਾ ਹੈ, ਜਿਸਦਾ ਸ਼ੁਭ ਸਮਾਂ ਇਸ ਪ੍ਰਕਾਰ ਹੈ-
ਪਹਿਲੇ ਪ੍ਰਹਿਰ ਦੀ ਪੂਜਾ ਦਾ ਸਮਾਂ ਸ਼ਾਮ 06:19 ਵਜੇ ਤੋਂ ਰਾਤ 09:26 ਵਜੇ ਤੱਕ ਰਹੇਗਾ।
ਦੂਜੇ ਪ੍ਰਹਿਰ ਦੀ ਪੂਜਾ ਦਾ ਸਮਾਂ 27 ਫਰਵਰੀ ਨੂੰ ਰਾਤ 09:26 ਤੋਂ 12:34 ਵਜੇ ਤੱਕ ਹੋਵੇਗਾ।
ਤੀਜੇ ਪ੍ਰਹਿਰ ਦੀ ਪੂਜਾ ਦਾ ਸਮਾਂ 27 ਫਰਵਰੀ ਨੂੰ ਰਾਤ 12:34 ਵਜੇ ਤੋਂ 03:41 ਵਜੇ ਤੱਕ ਹੋਵੇਗਾ।
ਰਾਤ ਦੇ ਚੌਥੇ ਪ੍ਰਹਿਰ ਦੀ ਪੂਜਾ ਦਾ ਸਮਾਂ 27 ਫਰਵਰੀ ਨੂੰ ਸਵੇਰੇ 03:41 ਵਜੇ ਤੋਂ ਸਵੇਰੇ 06:48 ਵਜੇ ਤੱਕ ਹੋਵੇਗਾ।
ਮਹਾਸ਼ਿਵਰਾਤਰੀ ਦੀ ਪੂਜਾ ਵਿਧੀ
ਮਹਾਸ਼ਿਵਰਾਤਰੀ ਵਾਲੇ ਦਿਨ ਵਰਤ ਰੱਖਣ ਅਤੇ ਮਹਾਦੇਵ ਦੀ ਪੂਜਾ ਕਰਨ ਲਈ, ਸਵੇਰੇ ਬ੍ਰਹਮ ਮਹੂਰਤ ਵਿੱਚ ਉੱਠ ਕੇ ਇਸ਼ਨਾਨ ਕਰੋ। ਇਸ ਤੋਂ ਬਾਅਦ ਵਰਤ ਰੱਖਣ ਦਾ ਸੰਕਲਪ ਲਓ। ਆਪਣੇ ਘਰ ਦੇ ਨੇੜੇ ਕਿਸੇ ਮੰਦਿਰ ਵਿੱਚ ਜਾਓ ਅਤੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਨਾਲ ਪੂਰੇ ਸ਼ਿਵ ਪਰਿਵਾਰ ਦੀ ਸ਼ੋਟਸ਼ੋਪਚਾਰ ਪੂਜਾ ਕਰੋ। ਸਭ ਤੋਂ ਪਹਿਲਾਂ ਸ਼ਿਵਲਿੰਗ ‘ਤੇ ਜਲ, ਬੇਲ ਪੱਤਰ, ਭੰਗ, ਧਤੂਰਾ, ਚੰਦਨ ਆਦਿ ਚੜ੍ਹਾਓ। ਭਗਵਾਨ ਸ਼ਿਵ ਦੇ ਮੰਤਰਾਂ ਦਾ ਜਾਪ ਕਰੋ। ਵ੍ਰਤ ਕਥਾ ਦਾ ਪਾਠ ਕਰੋ ਅਤੇ ਅੰਤ ਵਿੱਚ ਆਰਤੀ ਕਰਨ ਤੋਂ ਬਾਅਦ ਪੂਜਾ ਸੰਪਨ ਕਰੋ। ਜੇਕਰ ਤੁਸੀਂ ਘਰ ਵਿੱਚ ਪੂਜਾ ਕਰਨਾ ਚਾਹੁੰਦੇ ਹੋ, ਤਾਂ ਪੂਜਾ ਸਥਾਨ ਨੂੰ ਸਾਫ਼ ਕਰੋ। ਇਸ ਤੋਂ ਬਾਅਦ, ਪੂਰੇ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰੋ। ਇਸ ਦਿਨ ਰਾਤ ਦੇ ਜਾਗਰਣ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੈ, ਇਸ ਲਈ ਰਾਤ ਦੀ ਪੂਜਾ ਤੋਂ ਪਹਿਲਾਂ ਇਸ਼ਨਾਨ ਜਰੂਰ ਕਰੋ ਅਤੇ ਫਿਰ ਵਿਧੀ-ਵਿਧਾਨ ਅਨੁਸਾਰ ਮਹਾਦੇਵ ਦੀ ਦੁਬਾਰਾ ਪੂਜਾ ਕਰੋ।
ਉੱਥੇ ਹੀ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਤੇ ਮਹਾਂ ਸ਼ਿਵਰਾਤਰੀ 'ਤੇ ਭੋਲੇ ਬਾਬਾ ਦੇ ਸ਼ਗਨ ਦੇ ਵਿੱਚ ਹਿੱਸਾ ਪਾਉਣ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਭੋਲੇ ਬਾਬਾ ਦਾ ਰਾਤ ਨੂੰ ਵਿਆਹ ਵੀ ਕੀਤਾ ਜਾਂਦਾ ਹੈ।