ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਲੇਖਕ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਹਨ ਜੱਸ ਗਰੇਵਾਲ, ਜੋ ਹੁਣ ਨਿਰਦੇਸ਼ਕ ਦੇ ਤੌਰ 'ਤੇ ਵੀ ਪੜਾਅ-ਦਰ-ਪੜਾਅ ਵਿਲੱਖਣ ਪਹਿਚਾਣ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਫਿਲਮਕਾਰੀ ਦਿਸ਼ਾ ਵਿੱਚ ਵਧਾਏ ਜਾ ਰਹੇ ਪ੍ਰਭਾਵੀ ਕਦਮਾਂ ਦੀ ਪ੍ਰੋੜਤਾ ਕਰਨ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਫਿਲਮ 'ਰੌਣਕ', ਜੋ ਸ਼ੂਟਿੰਗ ਫੇਜ਼ ਦਾ ਸ਼ਾਨਦਾਰ ਹਿੱਸਾ ਬਣ ਚੁੱਕੀ ਹੈ।
'ਸਾਗਾ ਸਟੂਡੀਓਜ਼' ਦੇ ਬੈਨਰ ਅਤੇ 'ਦਿ ਕੈਪਚਰਿੰਗ ਫੈਕਟਰੀ' ਦੇ ਸੁਯੰਕਤ ਨਿਰਮਾਣ ਅਤੇ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਜੱਸ ਗਰੇਵਾਲ ਕਰਨਗੇ, ਜਦਕਿ ਸਿਨੇਮਾਟੋਗ੍ਰਾਫ਼ਰ ਦੇ ਤੌਰ 'ਤੇ ਜਿੰਮੇਵਾਰੀ ਪ੍ਰਦੀਪ ਖਾਨਵਿਲਕਰ ਸੰਭਾਲਣਗੇ, ਜੋ ਬਾਲੀਵੁੱਡ ਦੇ ਬਿਹਤਰੀਨ ਸਿਨੇਮਾਟੋਗ੍ਰਾਫ਼ਰਜ਼ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਅਤੇ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਨੂੰ ਖੂਬਸੂਰਤ ਕੈਨਵਸ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪੰਜਾਬ ਦੇ ਮੋਹਾਲੀ-ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸ਼ੁਰੂਆਤੀ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਇਸ ਫਿਲਮ ਵਿੱਚ ਮਾਲਵੇ ਦੇ ਪ੍ਰਤਿਭਾਵਾਨ ਨੌਜਵਾਨ ਲੇਖਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਅਤੇ ਰੰਗਕਰਮੀ ਦੇ ਤੌਰ 'ਤੇ ਲੰਮੇਰਾ ਥਿਏਟਰ ਤਜ਼ਰਬਾ ਰੱਖਦੇ ਜਸਪ੍ਰੀਤ ਜੱਸੀ ਵੀ ਅਹਿਮ ਰੋਲ ਅਦਾ ਕਰ ਰਹੇ ਹਨ।
ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲਹਦਾ ਕੰਟੈਂਟ, ਕੰਨਸੈਪਟ ਅਤੇ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ ਅਦਾਕਾਰਾ ਅਰਵਿੰਦਰ ਕੌਰ ਮਸੂਤੇ, ਜੋ ਪੰਜਾਬੀ ਰੰਗਮੰਚ ਦੀ ਦੁਨੀਆ ਵਿੱਚ ਮਾਣਮੱਤੀ ਭੱਲ ਰੱਖਦੀ ਹੈ ਅਤੇ ਅਜ਼ੀਮ ਅਦਾਕਾਰ-ਨਾਟ ਨਿਰਦੇਸ਼ਕ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਸਫਲਤਾਪੂਰਵਕ ਖੇਡੇ ਜਾ ਰਹੇ ਅਤੇ ਪ੍ਰੋ. ਅਜਮੇਰ ਔਲਖ ਦੇ ਲਿਖੇ ਨਾਟਕ 'ਟੂਮਾਂ' ਤੋਂ ਇਲਾਵਾ ਬੇਸ਼ੁਮਾਰ ਨਾਟਕਾਂ ਵਿੱਚ ਆਪਣੀ ਉਮਦਾ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ।
ਰੰਗਮੰਚ ਤੋਂ ਬਾਅਦ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੀ ਇਹ ਬਾਕਮਾਲ ਅਦਾਕਾਰਾ ਦੀ ਭਾਵਪੂਰਨ ਅਦਾਕਾਰੀ ਨੂੰ ਹੋਰ ਸਿਖਰ ਦੇਵੇਗੀ ਉਕਤ ਫਿਲਮ, ਜੋ ਆਪਣੀ ਇਸ ਫਿਲਮ ਨਾਲ ਸਿਨੇਮਾ ਖੇਤਰ ਨੂੰ ਹੋਰ ਨਵੇਂ ਅਯਾਮ ਦੇਣ ਦਾ ਮਾਣ ਵੀ ਹਾਸਿਲ ਕਰਨ ਜਾ ਰਹੀ ਹੈ।
ਪੰਜਾਬੀ ਸਿਨੇਮਾ ਦੇ ਉੱਚ ਕੋਟੀ ਲੇਖਕਾਂ-ਨਿਰਦੇਸ਼ਕਾਂ ਵਿੱਚ ਅੱਜਕੱਲ੍ਹ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਲੇਖਕ ਜੱਸ ਗਰੇਵਾਲ, ਜਿੰਨ੍ਹਾਂ ਵਲੋਂ ਹਾਲੀਆ ਕਰੀਅਰ ਦੌਰਾਨ ਲਿਖੀਆਂ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਜੱਟ ਜੇਮਜ਼ ਬਾਂਡ', 'ਰੱਬ ਦਾ ਰੇਡਿਓ', 'ਰੱਬ ਦਾ ਰੇਡਿਓ 2', 'ਦਾਣਾ ਪਾਣੀ', 'ਸਾਬ ਬਹਾਦੁਰ', 'ਅਫਸਰ', 'ਇੱਕ ਸੰਧੂ ਹੁੰਦਾ ਸੀ' ਆਦਿ ਸ਼ੁਮਾਰ ਰਹੀਆਂ ਹਨ। ਇਸ ਤੋਂ ਨਿਰਦੇਸ਼ਕ ਵਜੋਂ ਉਨ੍ਹਾਂ ਦੀ ਹਾਲੀਆ ਫਿਲਮਾਂ 'ਬਾਜਰੇ ਦਾ ਸਿੱਟਾ', 'ਹੁਣ ਨੀ ਮੁੜਦੇ ਯਾਰ' ਵੀ ਕਾਫੀ ਸਲਾਹੁਤਾ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ।