ਹਰਿਆਣਾ/ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਦੇ ਰਤੀਆ ਪਿੰਡ ਸਰਦਾਰੇਵਾਲਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਧੁੰਦ ਕਾਰਨ ਇੱਕ ਕਰੂਜ਼ਰ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ਰ 'ਚ 14 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਚਾਅ ਕਾਰਜ ਅਜੇ ਵੀ ਜਾਰੀ ਹੈ।
ਧੁੰਦ ਕਾਰਨ ਨਹਿਰ 'ਚ ਡਿੱਗੀ ਕਰੂਜ਼ਰ
ਫਤਿਹਾਬਾਦ 'ਚ ਪੰਜਾਬ ਦਾ ਇਕ ਪਰਿਵਾਰ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਪਿੰਡ ਸਰਦਾਰੇ ਵਾਲਾ ਵੱਲ ਆ ਰਿਹਾ ਸੀ। ਸੰਘਣੀ ਧੁੰਦ ਅਤੇ ਨਹਿਰ ’ਤੇ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਗੱਡੀ ਸਿੱਧੀ ਭਾਖੜਾ ਨਹਿਰ ਵਿੱਚ ਜਾ ਡਿੱਗੀ। ਕਾਰ ਵਿੱਚ 14 ਲੋਕ ਸਵਾਰ ਸਨ। ਉੱਥੋਂ ਲੰਘ ਰਹੇ ਪਿੰਡ ਵਾਸੀ ਵੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਕਾਰ ਦਾ ਸ਼ੀਸ਼ਾ ਟੁੱਟਣ 'ਤੇ ਇਕ ਬੱਚਾ ਅਰਮਾਨ ਬਾਹਰ ਆ ਗਿਆ, ਉੱਥੇ ਹੀ ਇਕ ਬਜ਼ੁਰਗ ਵਿਅਕਤੀ ਦਾ ਵੀ ਬਚਾਅ ਕੀਤਾ ਗਿਆ ਹੈ।
9 ਲੋਕਾਂ ਦੀਆਂ ਲਾਸ਼ਾਂ ਬਰਾਮਦ
ਪਿੰਡ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮੌਕੇ ਤੋਂ 55 ਸਾਲਾ ਬਲਬੀਰ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਸਿਰਸਾ ਦੇ ਪਿੰਡ ਕਾਲਾਂਵਾਲੀ 'ਚ ਵੀ 8 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਸ ਦੀ ਪੁਸ਼ਟੀ ਫਤਿਹਾਬਾਦ ਪ੍ਰਸ਼ਾਸਨ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ 'ਚ 2 ਔਰਤਾਂ, 2 ਬੱਚੇ ਅਤੇ ਇਕ ਪੁਰਸ਼ ਸ਼ਾਮਿਲ ਹੈ। ਹੁਣ ਤੱਕ ਭਾਖੜਾ ਨਹਿਰ ਵਿੱਚੋਂ ਕੁੱਲ 9 ਲਾਸ਼ਾਂ ਨਿਕਲੀਆਂ ਹਨ। 2 ਲੋਕ ਬਚ ਗਏ ਹਨ ਅਤੇ 3 ਲੋਕ ਅਜੇ ਵੀ ਲਾਪਤਾ ਹਨ। ਫਿਲਹਾਲ NDRF ਅਤੇ SDRF ਦੀਆਂ ਟੀਮਾਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ।
3 ਲੋਕਾਂ ਦੀ ਭਾਲ ਜਾਰੀ
ਹਾਦਸੇ ਤੋਂ ਬਾਅਦ ਲੋਕ ਕਾਫੀ ਗੁੱਸੇ 'ਚ ਨਜ਼ਰ ਆਏ। ਉਨ੍ਹਾਂ ਕਿਹਾ ਕਿ ਭਾਖੜਾ ਨਹਿਰ ਦੇ ਕੰਢੇ ਕੋਈ ਸੁਰੱਖਿਆ ਕੰਧ ਨਹੀਂ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਤੀਆ ਦੇ ਐਸਡੀਐਮ ਜਗਦੀਸ਼ ਚੰਦਰ ਅਤੇ ਰਤੀਆ ਦੇ ਡੀਐਸਪੀ ਸੰਜੇ ਬਿਸ਼ਨੋਈ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹਨ। ਪਾਣੀ ਦਾ ਪੱਧਰ ਘੱਟ ਗਿਆ ਹੈ। 3 ਵਿਅਕਤੀਆਂ ਦੀ ਭਾਲ ਜਾਰੀ ਹੈ।