ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜੂਦ ਸਥਾਪਿਤ ਕਰ ਚੁੱਕੇ ਹਨ ਗਾਇਕ ਜਸਬੀਰ ਜੱਸੀ, ਜੋ ਆਪਣਾ ਨਵਾਂ ਗਾਣਾ 'ਹੋਕੇ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਅਤੇ ਸੁਰੀਲੀ ਆਵਾਜ਼ ਵਿੱਚ ਸਜਿਆ ਇਹ ਗਾਣਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
ਪੰਜਾਬ ਦੇ ਮੁੱਦਿਆਂ ਅਤੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਉਕਤ ਅਰਥ-ਭਰਪੂਰ ਗਾਣੇ ਦਾ ਸੰਗੀਤ ਮਿਊਜ਼ਿਕ ਅੰਪਾਇਰ ਵੱਲੋਂ ਤਿਆਰ ਕੀਤਾ ਗਿਆ, ਜਦ ਕਿ ਇਸ ਦੇ ਦਿਲਾਂ ਅਤੇ ਮਨ ਨੂੰ ਵਲੂੰਧਰ ਦੇਣ ਲੈਣ ਵਾਲੇ ਬੋਲ ਸੁਰਿੰਦਰ ਸਿੰਘ ਦੁਮਾਰਜਾ ਵੱਲੋਂ ਲਿਖੇ ਗਏ ਹਨ, ਜਿੰਨ੍ਹਾਂ ਅਨੁਸਾਰ ਹਰੇ ਭਰੇ ਅਤੇ ਖੁਸ਼ਹਾਲ ਮੰਨੇ ਜਾਂਦੇ ਰਹੇ ਇਸ ਪੰਜਾਬੀ ਸੂਬੇ ਦੇ ਸੋਹਣੇ ਰਹੇ ਰੰਗ ਅੱਜ ਕਈ ਪੱਖੋਂ ਗੰਧਲੇ ਅਤੇ ਧੁੰਦਲੇ ਹੁੰਦੇ ਜਾ ਰਹੇ ਹਨ, ਜਿਸ ਸੰਬੰਧੀ ਜਾਗਰੂਕਤਾ ਅਲਖ ਜਗਾਉਂਦੇ ਇਸ ਗਾਣੇ ਨੂੰ ਗਾਇਕ ਜਸਬੀਰ ਜੱਸੀ ਵੱਲੋਂ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ, ਜੋ ਹਰ ਵਰਗ ਚਾਹੇ ਨੌਜਵਾਨ ਹੋਣ ਜਾਂ ਫਿਰ ਬਜ਼ੁਰਗਾਂ ਨੂੰ ਪਸੰਦ ਆਵੇਗਾ, ਕਿਉਂਕਿ ਇਸ ਵਿੱਚ ਆਪਣੀ ਮਿੱਟੀ ਪ੍ਰਤੀ ਭਾਵਨਾਤਮਕ ਸੋਚ ਦੀ ਗੱਲ ਕੀਤੀ ਗਈ ਹੈ।
ਹਾਲ ਹੀ ਵਿੱਚ ਆਪਣੇ ਕੁਝ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਬਿਆਨਾਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਦਾ ਕੇਂਦਰ-ਬਿੰਦੂ ਬਣਦੇ ਆ ਰਹੇ ਹਨ ਗਾਇਕ ਜਸਬੀਰ ਜੱਸੀ, ਹਾਲਾਂਕਿ ਇਹ ਸਭ ਦੇ ਬਾਵਜੂਦ ਉਨ੍ਹਾਂ ਦੇ ਚਾਹੁੰਣ ਵਾਲਿਆਂ ਦੇ ਉਨ੍ਹਾਂ ਪ੍ਰਤੀ ਸਨੇਹ ਭਰੇ ਨਜ਼ਰੀਏ ਵਿੱਚ ਕੋਈ ਕਮੀ ਨਹੀਂ ਆਈ, ਜਿਸ ਦਾ ਪ੍ਰਗਟਾਵਾ ਸਰੋਤਿਆਂ ਅਤੇ ਦਰਸ਼ਕਾਂ ਨੇ ਬੀਤੇ ਦਿਨਾਂ ਦੌਰਾਨ ਸਾਹਮਣੇ ਆਏ ਉਨ੍ਹਾਂ ਦੇ ਹਰ ਗੀਤ ਨੂੰ ਭਰਵਾਂ ਹੁੰਗਾਰਾ ਦੇ ਕੇ ਭਲੀਭਾਂਤ ਕਰਵਾਇਆ ਹੈ।
ਪੰਜਾਬ ਤੋਂ ਲੈ ਕੇ ਦੁਨੀਆਂ ਭਰ ਵਿੱਚ ਆਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਗਾਇਕ ਜਸਬੀਰ ਜੱਸੀ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਆਪਣਾ ਪੂਰਾ ਅਸਰ ਰਸੂਖ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿਸ ਦਾ ਇਜ਼ਹਾਰ ਮੁੰਬਈ ਗਲੈਮਰ ਵਰਲਡ ਦੀ ਹਰ ਸੰਗੀਤਕ ਮਹਿਫਲ ਵਿੱਚ ਸਮੇਂ-ਸਮੇਂ ਹੁੰਦੀ ਆ ਰਹੀ ਉਨ੍ਹਾਂ ਦੀ ਸ਼ਾਨਦਾਰ ਸ਼ਮੂਲੀਅਤ ਵੀ ਭਲੀ-ਭਾਂਤ ਕਰਵਾ ਰਹੀ ਹੈ।
ਬਾਲੀਵੁੱਡ, ਪਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਦੇ ਗਾਇਕੀ ਰੁਝੇਵਿਆਂ ਦੇ ਬਾਵਜੂਦ ਆਪਣੀ ਅਸਲ ਮਿੱਟੀ ਪੰਜਾਬ ਅਤੇ ਪਿੰਡ ਨਾਲ ਲਗਾਤਾਰ ਜੁੜਾਂਵ ਮਹਿਸੂਸ ਕਰਵਾਉਂਦੇ ਆ ਰਹੇ ਹਨ ਇਹ ਬਾਕਮਾਲ ਗਾਇਕ, ਜੋ ਜਲਦ ਹੀ ਪੰਜਾਬੀ ਸਿਨੇਮਾ ਖੇਤਰ ਦਾ ਵੀ ਬਤੌਰ ਅਦਾਕਾਰ ਪ੍ਰਭਾਵੀ ਹਿੱਸਾ ਬਣੇ ਨਜ਼ਰ ਆਉਣਗੇ।