ਮੁੰਬਈ: ਬਾਲੀਵੁੱਡ ਦੇ ਨਵਾਬ ਕਹੇ ਜਾਣ ਵਾਲੇ ਸੈਫ ਅਲੀ ਖਾਨ ਨਾਲ ਕੁਝ ਦਿਨ ਪਹਿਲਾ ਇੱਕ ਅਜਿਹਾ ਹਾਦਸਾ ਹੋਇਆ, ਜਿਸ ਨੇ ਫਿਲਮ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਚੋਰ ਚੋਰੀ ਦੀ ਨੀਅਤ ਨਾਲ ਅਦਾਕਾਰ ਦੇ ਘਰ ਵਿੱਚ ਦਾਖਲ ਹੋਇਆ ਅਤੇ ਜਦੋਂ ਸੈਫ ਨੇ ਉਸਨੂੰ ਫੜਿਆ, ਤਾਂ ਚੋਰ ਨੇ ਅਦਾਕਾਰ ਉੱਤੇ ਚਾਕੂ ਨਾਲ ਛੇ ਵਾਰ ਹਮਲਾ ਕਰ ਦਿੱਤਾ, ਜਿਸ ਕਾਰਨ ਅਦਾਕਾਰ ਜਖਮੀ ਹੋ ਗਿਆ ਅਤੇ ਰਾਤ ਨੂੰ ਲੀਲਾਵਤੀ ਹਸਪਤਾਲ 'ਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ। ਇਸ ਘਟਨਾ ਦੇ ਬਾਅਦ ਤੋਂ ਹੀ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ। ਹੁਣ ਆਖ਼ਰਕਾਰ ਉਨ੍ਹਾਂ ਦੀ ਤਲਾਸ਼ ਪੂਰੀ ਹੋ ਗਈ ਹੈ ਅਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਮਾਮਲੇ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।
ਮੁਲਜ਼ਮ ਦੇ ਬੰਗਲਾਦੇਸ਼ ਨਾਲ ਸਬੰਧ
ਪੁਲਿਸ ਨੇ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਰੀਫੁਲ ਸ਼ਹਿਜ਼ਾਦ ਵਜੋਂ ਕੀਤੀ ਹੈ, ਜਿਸ ਨੂੰ ਸੈਫ ਦੇ ਘਰ ਤੋਂ ਕਰੀਬ 35 ਕਿਲੋਮੀਟਰ ਦੂਰ ਹੀਰਾਨੰਦਾਨੀ ਅਸਟੇਟ ਨੇੜਿਓਂ ਫੜਿਆ ਗਿਆ। ਪੁਲਿਸ ਮੁਤਾਬਕ ਉਸ ਕੋਲ ਕੋਈ ਭਾਰਤੀ ਦਸਤਾਵੇਜ਼ ਨਹੀਂ ਹਨ ਅਤੇ ਹਮਲਾਵਰ ਬੰਗਲਾਦੇਸ਼ੀ ਹੋ ਸਕਦਾ ਹੈ। ਮੁਢਲੇ ਸਬੂਤ ਹਨ ਕਿ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਬੰਗਲਾਦੇਸ਼ੀ ਹੈ। ਉਸ ਕੋਲ ਕੋਈ ਜਾਇਜ਼ ਭਾਰਤੀ ਦਸਤਾਵੇਜ਼ ਨਹੀਂ ਹਨ ਅਤੇ ਜ਼ਬਤ ਕੀਤੇ ਗਏ ਕੁਝ ਦਸਤਾਵੇਜ਼ ਉਸ ਦੇ ਬੰਗਲਾਦੇਸ਼ੀ ਹੋਣ ਦਾ ਸਬੂਤ ਦਿੰਦੇ ਹਨ।
ਹਮਲਾਵਾਰ ਨੇ ਬਦਲਿਆ ਆਪਣਾ ਨਾਮ
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਆਪਣਾ ਨਾਂ ਬਦਲ ਕੇ ਵਿਜੇ ਦਾਸ ਰੱਖਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਲਈ ਹੋਰ ਨਾਂ ਵੀ ਵਰਤਦਾ ਸੀ। ਜਿਵੇਂ ਬਿਜੋਏ ਦਾਸ, ਵਿਜੇ ਦਾਸ, ਬੀਜੇ ਅਤੇ ਮੁਹੰਮਦ ਇਲਿਆਸ ਆਦਿ।
ਹਮਲਾਵਰ ਮੁੰਬਈ ਕਦੋਂ ਆਇਆ?
ਹਮਲਾਵਰ ਕਰੀਬ 5-6 ਮਹੀਨੇ ਪਹਿਲਾਂ ਮੁੰਬਈ ਆਇਆ ਸੀ ਅਤੇ ਉਹ ਸਮੇਂ-ਸਮੇਂ 'ਤੇ ਆਉਂਦਾ-ਜਾਂਦਾ ਰਹਿੰਦਾ ਸੀ। ਹਮਲੇ ਤੋਂ 15 ਦਿਨ ਪਹਿਲਾਂ ਹੀ ਉਹ ਮੁੰਬਈ ਪਰਤਿਆ ਸੀ।