ਲੁਧਿਆਣਾ: ਅਮਰੀਕਾ 'ਚ ਵੱਸਣ ਦੇ ਚਾਹਵਾਨ ਨੌਜਵਾਨ ਕਈ ਤਰ੍ਹਾਂ ਦੇ ਹਿਲੇ-ਵਸਿਲੇ ਕਰਦੇ ਹਨ।ਜਿੰਨ੍ਹਾਂ ਚੋਂ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜੋ ਡੌਂਕੀ ਲਗਾ ਕੇ ਪਨਾਮਾ ਦੇ ਜੰਗਲਾਂ ਚੋਂ ਲੰਘ ਕੇ ਅਮਰੀਕਾ ਦੀ ਕੰਧ ਨੂੰ ਟੱਪ ਦੇ ਹਨ। ਉਹ ਨੌਜਵਾਨ ਬਹੁਤ ਖੁਸ਼ਕਿਸਮਤ ਹੁੰਦੇ ਨੇ ਜੋ ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਕੇ ਆਪਣਾ ਸੁਪਨਾ ਪੂਰਾ ਕਰਦੇ ਹਨ। ਪਨਾਮਾ ਦੇ ਜੰਗਲਾਂ ਦੀ ਤਰ੍ਹਾਂ ਹੀ ਪਨਾਮਾ ਨਹਿਰ ਦੀ ਦਾਸਤਾਨ ਵੀ ਕਾਫ਼ੀ ਖੌਫ਼ਨਾਕ ਹੈ।
ਪਨਾਮਾ ਨਹਿਰ ਦੀ ਕਹਾਣੀ
ਤੁਹਾਨੂੰ ਦੱਸ ਦਈਏ ਅਮਰੀਕਾ ਅਤੇ ਪਨਾਮਾ ਦੇ ਵਿਚਕਾਰ ਬਣੀ 84 ਕਿਲੋਮੀਟਰ ਲੰਮੀ ਨਹਿਰ ਬਣਾਉਣ ਵਿੱਚ ਪੰਜਾਬੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਇਸ ਦੀ ਜਾਣਕਾਰੀ ਲੁਧਿਆਣਾ ਦੇ ਪਿੰਡ ਰੂਮੀ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਉਹਨਾਂ ਦੇ ਦਾਦਾ ਭਾਗ ਸਿੰਘ ਜੀ ਬਿਲਕੁਲ ਉਸ ਵੇਲੇ 49 ਸਾਲ ਪਨਾਮਾ ਦੇ ਵਿੱਚ ਰਹਿ ਕੇ ਆਏ ਸਨ। ਜਿਸ ਦਾ ਉਨ੍ਹਾਂ ਕੋਲ ਪਾਸਪੋਰਟ, ਨੌਕਰੀ ਦਾ ਆਈਡੀ ਕਾਰਡ ਅਤੇ ਉਨਾਂ ਦੀ ਪੈਨਸ਼ਨ ਦੇ ਸਾਰੇ ਹੀ ਸਬੂਤ ਮੌਜੂਦ ਹਨ। ਦਰਸ਼ਨ ਸਿੰਘ ਇਸ ਨੂੰ ਫਰਗੋਟਨ ਸਿੱਖ ਇਤਿਹਾਸ ਦਾ ਨਾਮ ਦਿੰਦੇ ਹਨ।
ਹੈਰਾਨ ਕਰਨ ਵਾਲੇ ਦਸਤਾਵੇਜ਼
ਭਾਗ ਸਿੰਘ ਦੇ ਪੋਤੇ ਦਰਸ਼ਨ ਸਿੰਘ ਨੇ ਦੱਸਿਆ ਕਿ 1951 ਵਿੱਚ ਸਾਡੇ ਦਾਦਾ ਜੀ ਪਨਾਮਾ ਤੋਂ ਵਾਪਿਸ ਆਏ ਸਨ। ਉਹਨਾਂ ਲਗਭਗ 49 ਸਾਲ ਦਾ ਸਮਾਂ ਉੱਥੇ ਬਤੀਤ ਕੀਤਾ। 1968 ਵਿੱਚ ਭਾਗ ਸਿੰਘ ਦਾ ਦਿਹਾਂਤ ਹੋ ਗਿਆ ।ਜਦੋਂ ਦਰਸ਼ਨ ਸਿੰਘ ਦਾ ਵਿਆਹ ਹੋਏ ਨੂੰ ਇੱਕ ਸਾਲ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਆਪਣੇ ਦਾਦਾ ਜੀ ਨਾਲ ਉਹਨਾਂ ਦੀਆਂ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਦਰਸ਼ਨ ਸਿੰਘ ਨੇ ਕਿਹਾ ਕਿ ਉਹਨਾਂ ਦੀ ਮਾਤਾ ਦੀ ਇੱਕ ਪੁਰਾਣੀ ਸੰਦੂਕ ਜਿਸ ਨੂੰ ਕਿ ਉਹਨਾਂ ਨੇ ਦੁਬਾਰਾ ਰੈਨੋਵੇਟ ਕੀਤਾ ਉਸ ਵਿੱਚੋਂ ਉਹਨਾਂ ਦੇ ਦਾਦਾ ਜੀ ਨਾਲ ਸੰਬੰਧਿਤ ਡਾਕੂਮੈਂਟ ਮਿਲੇ, ਜਿੰਨ੍ਹਾਂ ਨੂੰ ਵੇਖ ਕੇ ਉਹ ਕਾਫ਼ੀ ਹੈਰਾਨ ਹੋਏ। ਜਿਸ ਵਿੱਚ ਉਹਨਾਂ ਦੀ ਨੌਕਰੀ ਦਾ ਕਾਰਡ, ਪਾਸਪੋਰਟ ਤੋਂ ਇਲਾਵਾ ਇੱਕ ਪੰਜ ਗ੍ਰੰਥੀ ਵੀ ਉਹਨਾਂ ਨੂੰ ਮਿਲੀ ਜੋ ਉਹਨਾਂ ਦੇ ਦਾਦਾ ਜੀ ਉਸ ਵਕਤ ਆਪਣੇ ਨਾਲ ਭਾਰਤ ਲਿਆਏ ਸਨ।
ਕੜੀ ਦਰ ਕੜੀ ਨੂੰ ਇੰਝ ਜੋੜਿਆ
ਦਰਸ਼ਨ ਸਿੰਘ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਕੜੀ ਦਰ ਕੜੀ ਇਸ ਪੂਰੇ ਘਟਨਾਕ੍ਰਮ ਨੂੰ ਜੋੜਨਾ ਸ਼ੁਰੂ ਕੀਤਾ ਤਾਂ ਉਹ ਪਨਾਮਾ ਪਹੁੰਚੇ ।ਜਿੱਥੇ ਜਾ ਕੇ ਕਾਫ਼ੀ ਰਿਸਰਚ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਲਗਭਗ ਡੇਢ ਲੱਖ ਦੇ ਕਰੀਬ ਲੋਕ ਉਸ ਵੇਲੇ ਪਨਾਮਾ ਨਹਿਰ ਬਣਾਉਣ ਲਈ ਉੱਥੇ ਪਹੁੰਚੇ ਸਨ। ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਲੋਕ ਵੀ ਵੱਡੀ ਗਿਣਤੀ 'ਚ ਸ਼ਮਿਲ ਸਨ।
"ਭਾਗ ਸਿੰਘ ਪਹਿਲਾਂ ਕਲਕੱਤਾ ਗਏ। ਕਲਕੱਤੇ ਤੋਂ ਫਿਰ ਇਹ ਸ਼ਿੰਗਾਈ ਪਹੁੰਚੇ ਉੱਥੋਂ ਫਿਰ ਅੱਗੇ ਸ਼ਿਪ ਰਾਹੀਂ ਪਨਾਮਾ ਪਹੁੰਚੇ। ਉਸ ਵੇਲੇ ਕਈ ਭਿਆਨਕ ਬਿਮਾਰੀਆਂ ਫੈਲੀਆਂ ਹੋਈਆਂ ਸਨ ਅਤੇ ਉੱਥੋਂ ਦੇ ਖੋਜੀਆਂ ਤੋਂ ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਾ ਕਿ ਡੇਢ ਲੱਖ ਵਿੱਚੋਂ 50 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਉਹ ਉੱਥੇ ਪਹੁੰਚ ਹੀ ਨਹੀਂ ਸਕੇ ਕਿਉਂਕਿ ਕਈ ਮਹੀਨਿਆਂ ਦਾ ਸਫਰ ਸ਼ਿਪ ਦੇ ਵਿੱਚ ਤੈਅ ਕਰਨਾ ਪਿਆ"। ਦਰਸ਼ਨ ਸਿੰਘ
ਪੰਜਾਬੀਆਂ ਦੇ ਯੋਗਦਾਨ ਬਾਰੇ ਜ਼ਿਕਰ
ਦਰਸ਼ਨ ਸਿੰਘ ਨੇ ਦੱਸਿਆ ਕਿ ਪਨਾਮਾ ਦੇ ਮੌਜੂਦਾ ਸਫਾਰਤਖਾਨੇ ਦੇ ਮੁਖੀ ਇਸ ਤੋਂ ਇਲਾਵਾ ਸਾਬਕਾ ਐਮਬੰਸਡਰ ਨਾਲ ਵੀ ਉਹਨਾਂ ਦੀ ਇਸ ਸਬੰਧੀ ਗੱਲ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਖ ਇਤਿਹਾਸ ਨੂੰ ਇਸ ਤਰ੍ਹਾਂ ਮਿਟਾਇਆ ਨਾ ਜਾਵੇ । ਉਹਨਾਂ ਦੀਆਂ ਯਾਦਾਂ ਜ਼ਰੂਰ ਤਾਜ਼ੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੇ ਕੋਈ ਨਾ ਕੋਈ ਯਾਦਗਾਰ ਚਿੰਨ ਉੱਥੇ ਬਣਾਉਣੇ ਚਾਹੀਦੇ ਨੇ ਜਾਂ ਪਨਾਮਾ ਦੇ ਵਿੱਚ ਘੱਟੋ-ਘੱਟ ਇੱਕ ਸਟੈਂਪ ਜ਼ਰੂਰ ਜਾਰੀ ਕਰਨੀ ਚਾਹੀਦੀ ਹੈ। ਜਿਸ ਵਿੱਚ ਇਸ ਲੰਬੀ ਨਹਿਰ ਨੂੰ ਬਣਾਉਣ ਵਾਲੇ ਪੰਜਾਬੀਆਂ ਦੇ ਯੋਗਦਾਨ ਬਾਰੇ ਜ਼ਿਕਰ ਹੋਵੇ।