ਤਰਨ ਤਾਰਨ : ਨਗਰ ਕੌਂਸਲ ਤਰਨ ਤਾਰਨ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਉਣ ਲਈ ਜ਼ੋਰ ਲਾਇਆ ਜਾ ਰਿਹਾ ਸੀ ਤਾਂ ਜੋ ਉਨ੍ਹਾਂ ਦੇ ਉਮੀਦਵਾਰਾਂ ਦੇ ਕਾਗਜ਼ ਦਾਖਲ ਹੋ ਸਕਣ। ਅੱਜ ਪੇਂਡੂ ਵਿਕਾਸ ਭਵਨ ਤਰਨਤਾਰਨ ਦੇ ਅੰਦਰ ਅਤੇ ਬਾਹਰ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦੋਂ ਤਰਨ ਤਾਰਨ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਭਾਜਪਾ ਵਰਕਰ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਕਾਰ ਤੂੰ-ਤੂੰ ਮੈਂ-ਮੈਂ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸਥਿਤੀ ਨੂੰ ਕੰਟਰੋਲ ਕਰਨ ਲਈ ਵਿੱਚ ਦਖਲ ਦੇਣਾ ਪਿਆ ਅਤੇ ਫਿਰ ਬਾਅਦ ਵਿੱਚ ਸਥਿਤੀ ਕੰਟਰੋਲ ਵਿੱਚ ਹੋ ਗਈ।
ਸ਼ਰੇਆਮ ਕੀਤੀ ਗਈ ਗੁੰਡਾਗਰਦੀ
ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸਮੇਤ ਵੱਖ-ਵੱਖ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਤਰਨ ਤਾਰਨ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਿਸ ਦੇ ਮੱਦੇ ਨਜ਼ਰ ਰੋਸ ਵਜੋਂ ਅੱਜ ਪੇਂਡੂ ਵਿਕਾਸ ਭਵਨ ਤਰਨ ਤਾਰਨ ਦੇ ਬਾਹਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਗਰ ਕੌਂਸਲ ਤਰਨ ਤਾਰਨ ਦੀਆਂ ਚੋਣਾਂ ਦੇ ਵਿੱਚ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਜਿਸ ਦਾ ਜਵਾਬ ਤਰਨ ਤਾਰਨ ਦੇ ਲੋਕ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਰੂਰ ਦੇਣਗੇ।
ਪੁਲਿਸ ਪ੍ਰਸ਼ਾਸਨ ਨਾਲ ਦੁਰਵਿਵਹਾਰ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਉੱਤੇ ਇਲਜ਼ਾਮ ਲਾਏ ਹਨ ਕਿ ਹਰਜੀਤ ਸਿੰਘ ਸੰਧੂ ਨੂੰ ਗੁੰਡਾਗਰਦੀ ਕਰਨ ਦੀ ਆਦਤ ਪੈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹਰਜੀਤ ਸਿੰਘ ਸੰਧੂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਧੱਕੇ ਨਾਲ ਕੰਪੈਲਕਸ ਅੰਦਰ ਦਾਖਲ ਹੋਣ ਲੱਗੇ ਅਤੇ ਹੰਗਾਮਾਂ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਕਿਸੇ ਉਮੀਦਵਾਰ ਦੀ ਫਾਈਲ ਨੂੰ ਰੀਪਲੇਸ ਕਰਨ ਲਈ ਜ਼ਬਰਦਸਤੀ ਕਰਨ ਦੀ ਕੋਸ਼ਿਸ ਕੀਤੀ। ਉਨ੍ਹਾਂ ਨੇ ਦੱਸਿਆ ਕਿ ਭਾਜਪਾ ਦੇ ਆਗੂਆਂ ਵੱਲੋਂ ਐਸਐਸਓ ਨਾਲ ਵੀ ਜ਼ਬਰਦਸਤ ਹੰਗਾਮਾਂ ਕੀਤਾ ਗਿਆ। ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪੁਲਿਸ ਪ੍ਰਸ਼ਾਸਨ ਨਾਲ ਦੁਰਵਿਵਹਾਰ ਕੀਤਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।