ਫਰੀਦਕੋਟ: ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ (IFFI) ਦੀ ਸ਼ੁਰੂਆਤ ਗੋਆ ਵਿਖੇ ਕੱਲ 20 ਨਵੰਬਰ ਨੂੰ ਧੂੰਮਧਾਮ ਨਾਲ ਹੋ ਗਈ ਹੈ। ਇਸਦੇ ਉਦਘਾਟਨ ਦੀ ਰਸਮ ਅਜ਼ੀਮ ਫ਼ਿਲਮਕਾਰ ਸ਼ੇਖਰ ਕਪੂਰ ਸਮੇਤ ਕਈ ਉੱਘੀਆਂ ਅਤੇ ਅੰਤਰਰਾਸ਼ਟਰੀ ਸਿਨੇਮਾਂ ਸ਼ਖਸੀਅਤਾਂ ਵੱਲੋ ਅਦਾ ਕੀਤੀ ਗਈ। ਗੋਆ ਦੇ ਮੁੱਖ ਮੰਤਰੀ ਮਾਨਯੋਗ ਡਾ. ਪ੍ਰਮੋਦ ਸਾਵੰਤ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਗੋਆ ਐਂਟਰਟੇਨਮੈਂਟ ਸੋਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਸਮਾਰੋਹ ਦੀ ਸਮਾਪਤੀ 28 ਨਵੰਬਰ ਨੂੰ ਹੋਵੇਗੀ।
ਫ਼ਿਲਮ ਫੈਸਟੀਵਲ 'ਚ ਇਹ ਸਿਤਾਰੇ ਵੀ ਲਵਾਉਣਗੇ ਹਾਜ਼ਰੀ
55ਵੇਂ ਸੰਸਕਰਣ ਵਜੋਂ ਸਾਹਮਣੇ ਆਉਣ ਜਾ ਰਹੇ ਇਸ ਫੈਸਟੀਵਲ ਦੌਰਾਨ 81 ਦੇਸ਼ਾਂ ਦੀਆਂ 180 ਅੰਤਰਰਾਸ਼ਟਰੀ ਫ਼ਿਲਮਾਂ ਦਿਖਾਈਆਂ ਜਾਣਗੀਆਂ, ਜਿਸ ਦੌਰਾਨ ਏ.ਆਰ ਰਹਿਮਾਨ, ਆਰ.ਮਾਧਵਨ, ਰਕੁਲ ਪ੍ਰੀਤ ਸਿੰਘ ਅਤੇ ਪੰਕਜ ਕਪੂਰ ਸਮੇਤ ਹਿੰਦੀ ਸਿਨੇਮਾਂ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਅਪਣੀ ਉਪ-ਸਥਿਤੀ ਦਰਜ਼ ਕਰਵਾਉਣਗੀਆਂ। ਵਿਸ਼ਵ ਪੱਧਰੀ ਸਿਨੇਮਾਂ ਨੂੰ ਇੱਕ ਸਾਂਝਾਂ ਮੰਚ ਪ੍ਰਦਾਨ ਕਰਨ ਅਤੇ ਸਿਨੇਮਾਂ ਵੰਨਗੀਆ ਦੇ ਅਦਾਨ-ਪ੍ਰਦਾਨ ਦੇ ਉਦੇਸ਼ ਨਾਲ ਵੱਡੇ ਪੱਧਰ 'ਤੇ ਆਯੋਜਿਤ ਕੀਤੇ ਜਾ ਰਹੇ ਇਸ ਫ਼ਿਲਮ ਫੈਸਟੀਵਲ ਦੇ ਪਹਿਲੇ ਪੜਾਅ ਵਿੱਚ ਮਾਸਟਰ ਕਲਾਸਾਂ ਦਾ ਵੀ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਵੀ ਮੁੱਖ ਬੁਲਾਰੇ ਵਜੋ ਸ਼ਾਮਿਲ ਹੋਏ ਹਨ।