ਚੰਡੀਗੜ੍ਹ: ਨੈੱਟਫਲਿਕਸ 'ਤੇ ਰਿਲੀਜ਼ ਹੋਈ ਅਤੇ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਕੀਤੀ 'ਚਮਕੀਲਾ' ਕਾਮਯਾਬੀ ਦੇ ਕਈ ਨਵੇਂ ਰਿਕਾਰਡ ਕਾਇਮ ਕਰਦੀ ਜਾ ਰਹੀ ਹੈ, ਜਿਸ ਨਾਲ ਉਤਸ਼ਾਹਿਤ ਹੋਏ ਦਿਲਜੀਤ ਦੁਸਾਂਝ ਹੁਣ ਆਪਣੇ ਕੈਨੇਡਾ ਟੂਰ ਨੂੰ ਲੈ ਕੇ ਵੀ ਕਾਫ਼ੀ ਆਸਵੰਦ ਨਜ਼ਰ ਆ ਰਹੇ ਹਨ, ਜੋ ਵੈਨਕੂਵਰ ਵਿਖੇ ਅਗਲੇ ਦਿਨੀਂ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਕੰਨਸਰਟ ਦਾ ਹਿੱਸਾ ਬਣਨਗੇ।
'ਦਿਲ ਲੁਮਿਨਾਤੀ ਟੂਰ' ਅਧੀਨ ਆਯੋਜਿਤ ਕਰਵਾਈ ਜਾ ਰਹੀ ਉਕਤ ਕੰਨਸਰਟ ਲੜੀ ਦਾ ਪਹਿਲਾਂ ਮੇਗਾ ਸ਼ੋਅ 27 ਅਪ੍ਰੈਲ ਨੂੰ ਵੈਨਕੂਵਰ ਦੇ ਮਸ਼ਹੂਰ ਅਤੇ ਵੱਕਾਰੀ ਬੀਸੀ ਸਟੇਡੀਅਮ ਵਿਖੇ ਹੋਵੇਗਾ, ਜੋ ਕਿਸੇ ਪੰਜਾਬੀ ਸਿੰਗਰ ਵੱਲੋਂ ਇਸ ਵਿਸ਼ਾਲ ਸਟੇਡੀਅਮ ਵਿਖੇ ਕੀਤਾ ਜਾਣ ਵਾਲਾ ਪਹਿਲਾਂ ਵਿਸ਼ਾਲ ਕੰਨਸਰਟ ਹੋਵੇਗਾ, ਜੋ ਕਿ ਪੂਰਾ ਦਾ ਪੂਰਾ ਸੋਲਡ ਆਊਟ ਵੀ ਹੋ ਚੁੱਕਾ ਹੈ ਅਤੇ ਲਗਭਗ ਅਜਿਹੇ ਹੀ ਮੰਜ਼ਰ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿੱਚ ਕਰਵਾਏ ਜਾ ਰਹੇ ਸੋਅਜ਼ ਸਥਲਾਂ ਤੋਂ ਨਜ਼ਰ ਆ ਰਹੇ ਹਨ, ਜਿੰਨ੍ਹਾਂ ਨੂੰ ਲੈ ਦਰਸ਼ਕਾਂ ਦੀ ਉਤਸੁਕਤਾ ਅਤੇ ਬੈਚੇਨੀ ਵੱਧਦੀ ਜਾ ਰਹੀ ਹੈ।
ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਦੇਸ਼ ਵਿਦੇਸ਼ ਵਿੱਚ ਮਿਲ ਰਹੇ ਸੋਅਜ਼ ਹੁੰਗਾਰੇ ਤੋਂ ਕਾਫ਼ੀ ਖੁਸ਼ ਅਤੇ ਜੋਸ਼ ਨਾਲ ਭਰਪੂਰ ਨਜ਼ਰ ਆ ਰਹੇ ਹਨ ਦਿਲਜੀਤ ਦੁਸਾਂਝ, ਜਿਸ ਸੰਬੰਧੀ ਆਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਉਹ ਅਪਣੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਵੀ ਲਗਾਤਾਰ ਕਰ ਰਹੇ ਹਨ।
ਇਸੇ ਸੰਬੰਧੀ ਜਜ਼ਬਾਤ ਬਿਆਨ ਕਰਦਿਆਂ ਉਨਾਂ ਕਿਹਾ ਕਿ "ਪਹਿਲਾਂ ਕਹਿੰਦੇ ਸੀ ਵੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਅਤੇ ਮੈਂ ਕਿਹਾ ਵੀ ਮੈਂ ਤਾਂ ਕਰ ਕੇ ਵਿਖਾਊ, ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ ਵਿੱਚ ਨਹੀਂ ਆ ਸਕਦਾ, ਮੈਂ ਕਿਹਾ ਮੈਂ ਆ ਕੇ ਵਿਖਾਊ, ਫਿਰ ਕਹਿਣ ਲੱਗੇ ਬਾਹਰ ਨਹੀਂ ਸਫਲ ਹੁੰਦੇ ਇਸ ਦੇ ਸ਼ੋਅ ਜਿਆਦਾ, ਪਰ ਮੈਂ ਕਿਹਾ ਸਟੇਡੀਅਮ ਸੋਲਡ ਆਊਟ ਕਰ ਕੇ ਵਿਖਾਊ, ਸੋ ਵਾਹਿਗੁਰੂ ਦਾ ਕੋਟਿ ਕੋਟਿ ਧੰਨਵਾਦੀ ਅਤੇ ਚਾਹੁੰਣ ਵਾਲਿਆ ਪ੍ਰਤੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿੰਨ੍ਹਾਂ ਦਾ ਪਿਆਰ ਅਤੇ ਸਨੇਹ ਚਾਰੇ ਪਾਸੇ ਤੋਂ ਮਿਲ ਰਿਹਾ ਹੈ।"
ਪਾਲੀਵੁੱਡ ਅਤੇ ਬਾਲੀਵੁੱਡ ਦੇ ਸੁਪਰ ਸਟਾਰਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੇ ਦਿਲਜੀਤ ਦੁਸਾਂਝ ਦੀਆਂ ਆਗਾਮੀ ਸਿਨੇਮਾ ਯੋਜਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਦੀਆਂ ਬਹੁ-ਚਰਚਿਤ ਸੀਕਵਲ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਜੱਟ ਐਂਡ ਜੂਲੀਅਟ 3' ਵੀ ਰਿਲੀਜ਼ ਲਈ ਤਿਆਰ ਹੈ, ਜਿਸ ਵਿੱਚ ਉਹ ਇੱਕ ਵਾਰ ਫਿਰ ਨੀਰੂ ਬਾਜਵਾ ਨਾਲ ਆਪਣੇ ਚਿਰ ਪਰਿਚਤ ਅਤੇ ਦਿਲਚਸਪ ਅੰਦਾਜ਼ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨਾਂ ਦੀਆਂ ਕੁਝ ਹੋਰ ਵੱਡੀਆਂ ਅਤੇ ਮਲਟੀ-ਸਟਾਰਰ ਅਤੇ ਬਿੱਗ ਸੈਟਅੱਪ ਹਿੰਦੀ ਫਿਲਮਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ, ਜਿੰਨ੍ਹਾਂ ਦਾ ਨਿਰਮਾਣ ਨਾਮਵਰ ਪ੍ਰੋਡੋਕਸ਼ਨ ਹਾਊਸ ਦੁਆਰਾ ਕੀਤਾ ਜਾ ਰਿਹਾ ਹੈ।