ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ ਰਾਜੀਵ ਮਹਿਰਾ, ਜਿੰਨ੍ਹਾਂ ਨੂੰ ਆਨ ਫਲੋਰ ਪੰਜਾਬੀ ਫਿਲਮ 'ਆਖਰੀ ਬਾਬੇ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਅਰਥ-ਭਰਪੂਰ ਫਿਲਮ ਵਿੱਚ ਬੇਹੱਦ ਮਹੱਤਵਪੂਰਨ ਰੋਲ ਨਿਭਾਉਂਦੇ ਨਜ਼ਰੀ ਪੈਣਗੇ।
'ਖੇਲਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਅਤੇ 'ਗ੍ਰੈਂਡ ਪਾ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਪਾਲੀਵੁੱਡ ਦੇ ਉਭਰਦੇ ਅਤੇ ਨੌਜਵਾਨ ਫਿਲਮਕਾਰ ਜੱਸੀ ਮਾਨ ਕਰ ਰਹੇ ਹਨ, ਜੋ ਇੰਨੀਂ ਦਿਨੀਂ ਕਈ ਹੋਰ ਬਿਹਤਰੀਨ ਪੰਜਾਬੀ ਫਿਲਮ ਪ੍ਰੋਜੈਕਟਸ ਨੂੰ ਵੀ ਨਾਲੋਂ-ਨਾਲ ਅੰਜ਼ਾਮ ਦੇ ਰਹੇ ਹਨ।
ਪੰਜਾਬ ਦੇ ਮਾਣਮੱਤੇ ਸਿੱਖ ਇਤਿਹਾਸ ਉਪਰ ਕੇਂਦਰਿਤ ਕੀਤੀ ਗਈ ਅਤੇ ਪੰਜਾਬੀ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੀ ਇਸ ਭਾਵਨਾਤਮਕ ਫਿਲਮ ਵਿੱਚ ਸਰਦਾਰ ਸੋਹੀ, ਰੁਪਿੰਦਰ ਰੂਪੀ, ਨਗਿੰਦਰ ਗੱਖੜ, ਮਹਾਂਵੀਰ ਭੁੱਲਰ ਸਮੇਤ ਕਈ ਨਾਮਵਰ ਕਲਾਕਾਰ ਅਹਿਮ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਮਹੱਤਵਪੂਰਨ ਰੋਲ ਵਿੱਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣਗੇ ਕਾਮੇਡੀਅਨ ਰਾਜੀਵ ਮਹਿਰਾ, ਜੋ ਮੁੰਬਈ ਤੋਂ ਉਚੇਚੇ ਤੌਰ ਉਤੇ ਪੰਜਾਬ ਪਹੁੰਚ ਕੇ ਉਕਤ ਫਿਲਮ ਸ਼ੂਟਿੰਗ ਦਾ ਅੱਜ ਹਿੱਸਾ ਬਣ ਗਏ ਹਨ।
ਮੂਲ ਰੂਪ ਵਿੱਚ ਪੰਜਾਬ ਸੰਬੰਧਤ ਪਰ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਸੇਂਦਾ ਰੱਖ ਰਹੇ ਅਦਾਕਾਰ ਰਾਜੀਵ ਮਹਿਰਾ ਹਾਲੀਆ ਸਮੇਂ ਦੌਰਾਨ ਸਾਹਮਣੇ ਆਈਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ, ਜਿੰਨ੍ਹਾਂ ਵੱਲੋਂ ਕੀਤੀਆਂ ਗਈਆਂ ਇੰਨ੍ਹਾਂ ਫਿਲਮਾਂ ਵਿੱਚ ਗਿੱਪੀ ਗਰੇਵਾਲ ਸਟਾਰਰ 'ਮਿੱਤਰਾ ਦਾ ਨਾਮ ਚੱਲਦਾ', ਕੁਲਵਿੰਦਰ ਬਿੱਲਾ-ਗੁੱਗੂ ਗਿੱਲ ਦੀ 'ਨਿਸ਼ਾਨਾ', ਸੋਨਮ ਬਾਜਵਾ-ਨਿੰਜਾ ਨਾਲ 'ਅੜਬ ਮੁਟਿਆਰਾਂ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।
ਛੋਟੇ ਪਰਦੇ ਉੱਪਰ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਸ ਹੋਣਹਾਰ ਵੱਲੋਂ ਕੀਤੇ ਪਾਪੂਲਰ ਟੀਵੀ ਸ਼ੋਅਜ ਦੀ ਗੱਲ ਕੀਤੀ ਜਾਵੇ ਇੰਨ੍ਹਾਂ ਵਿੱਚ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਇਲਾਵਾ 'ਕਾਮੇਡੀ ਸਰਕਸ ਕੇ ਅਜੂਬੇ' ਜਿਹੇ ਕਈ ਪਾਪੂਲਰ ਟੀਵੀ ਸ਼ੋਅਜ ਸ਼ਾਮਿਲ ਰਹੇ ਹਨ।