ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ-ਹੋਸਟ ਬਲਰਾਜ ਸਿਆਲ, ਜੋ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ 'ਆਪਣੇ ਘਰ ਬੇਗਾਨੇ' ਰਿਲੀਜ਼ ਲਈ ਤਿਆਰ ਹੈ, ਜਿਸ ਨੂੰ ਜਲਦ ਹੀ ਵਰਲਡ-ਵਾਈਡ ਜਾਰੀ ਕੀਤਾ ਜਾ ਰਿਹਾ ਹੈ।
'ਗੈਂਗਜ਼ ਆਫ ਫਿਲਮ ਮੇਕਰਜ਼' ਅਤੇ 'ਰਿਵਾਈਜਿੰਗ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਕਾਜਲ ਚੈਲੀ, ਆਕਾਸ਼ਦੀਪ ਚੈਲੀ ਅਤੇ ਗਗਨਦੀਪ ਚੈਲੀ ਵੱਲੋਂ ਕੀਤਾ ਗਿਆ ਹੈ, ਜਦਕਿ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਬਲਰਾਜ ਸਿਆਲ ਵੱਲੋਂ ਨਿਭਾਈਆਂ ਗਈਆਂ ਹਨ, ਜੋ ਕਈ ਵੱਡੇ ਰਿਐਲਟੀ ਸੋਅਜ਼ ਵੀ ਬਤੌਰ ਹੋਸਟ ਕੁਸ਼ਲਤਾਪੂਰਵਕ ਸੰਚਾਲਿਤ ਕਰ ਚੁੱਕੇ ਹਨ।
ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਪੰਜਾਬ ਵਿਖੇ ਵੀ ਫਿਲਮਾਈ ਗਈ ਇਸ ਪਰਿਵਾਰਿਕ-ਡਰਾਮਾ ਫਿਲਮ ਵਿੱਚ ਰੌਸ਼ਨ ਪ੍ਰਿੰਸ ਅਤੇ ਕੁਲਰਾਜ ਰੰਧਾਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਰਾਣਾ ਰਣਬੀਰ, ਬਲਰਾਜ ਸਿਆਲ, ਸੁਖਵਿੰਦਰ ਰਾਜ, ਪ੍ਰੀਤ ਔਜਲਾ, ਅਰਮਾਨ ਔਜਲਾ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਇਸ ਆਫ-ਬੀਟ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਕਮਰਸ਼ੀਅਲ ਸਿਨੇਮਾ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਗਈ ਇਸ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਦਵਿੰਦਰ ਸਿੰਘ, ਲਾਈਨ ਨਿਰਮਾਤਾ ਇਨਫੈਂਟਰੀ ਪਿਕਚਰਜ਼, ਸਟੋਰੀ ਅਤੇ ਸਕਰੀਨ ਪਲੇਅ ਲੇਖਕ ਬਲਰਾਜ ਸਿਆਲ, ਡਾਇਲਾਗ ਲੇਖਕ ਬਲਰਾਜ ਸਿਆਲ-ਦਵਿੰਦਰ ਵਿਰਕ, ਐਸੋਸੀਏਟ ਨਿਰਦੇਸ਼ਕ ਅਮਨਜੀਤ ਬਰਾੜ, ਬੈਕਗਰਾਊਂਡ ਸਕੋਰਰ ਸੰਨੀ ਇੰਦਰ ਬਾਵਰਾ, ਸਿਨੇਮਾਟੋਗ੍ਰਾਫ਼ਰਜ ਰਾਜੇਸ਼ ਰਠੌਰ ਕੈਨੇਡਾ, ਲਲਿਤ ਸਾਹੂ ਇੰਡੀਆ ਅਤੇ ਸੰਪਾਦਕ ਭਰਤ ਐਸ ਰਾਵਤ ਹਨ।
ਓਧਰ ਇਸ ਫਿਲਮ ਨਾਲ ਡਾਇਰੈਕਟੋਰੀਅਲ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਬਲਰਾਜ ਸਿਆਲ ਦੇ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ 'ਕਾਮੇਡੀ ਕਲਾਸਿਸ' ਜਿਹੀ ਪਾਪੂਲਰ ਕਾਮੇਡੀ ਸ਼ੋਅ ਸੀਰੀਜ਼ ਤੋਂ ਲੈ ਕੇ ਬੇਸ਼ਮਾਰ ਟੀ.ਵੀ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ, ਜਿੰਨ੍ਹਾਂ ਦੇ ਅਪਾਰ ਲੋਕਪ੍ਰਿਯ ਰਹੇ ਟੀਵੀ ਸੋਅਜ਼ ਵਿੱਚ 'ਇੰਟਰਟੇਨਮੈਂਟ ਕੀ ਰਾਤ', 'ਮੁਝਸੇ ਸ਼ਾਦੀ ਕਰੋਗੇ', 'ਅਪਣਾ ਨਿਊਜ਼ ਆਏਗਾ' ਆਦਿ ਸ਼ੁਮਾਰ ਰਹੇ ਹਨ।