ਚੰਡੀਗੜ੍ਹ: ਪੰਜਾਬ ਦੇ ਉੱਘੇ ਗਾਇਕ ਅਤੇ ਅਦਾਕਾਰ ਦੀਪ ਸਿੱਧੂ ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾ ਲਈ ਸੀ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਅਪ੍ਰੈਲ 1984 ਵਿੱਚ ਜਨਮੇ ਦੀਪ ਸਿੱਧੂ ਦੇ ਪਰਿਵਾਰ ਨੇ ਕੁਝ ਸਮੇਂ ਬਾਅਦ ਪਿੰਡ ਛੱਡ ਦਿੱਤਾ ਸੀ। ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਭਾਵੇਂ ਕਿ ਇਹ ਅਦਾਕਾਰ ਹੁਣ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਹਿ-ਅਦਾਕਾਰ ਉਨ੍ਹਾਂ ਨੂੰ ਹਮੇਸ਼ਾ ਯਾਦਾਂ ਵਿੱਚ ਤਾਜ਼ਾ ਰੱਖਦੇ ਹਨ।
ਇਸੇ ਤਰ੍ਹਾਂ ਹੁਣ ਮਰਹੂਮ ਅਦਾਕਾਰ ਦੇ ਨਾਲ ਫਿਲਮ 'ਜ਼ੋਰਾ ਦਸ ਨੰਬਰੀਆਂ' ਵਿੱਚ ਸਕ੍ਰੀਨ ਸ਼ੇਅਰ ਕਰਨ ਵਾਲੀ ਕੁੱਲ ਸਿੱਧੂ (ਕੁਲਵਿੰਦਰ ਕੌਰ) ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਅਤੇ ਅਦਾਕਾਰ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਇਸ ਤੋਂ ਇਲਾਵਾ ਇੱਕ ਅਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੀਪੂ ਸਿੱਧੂ ਦੇ ਨਾਂਅ ਦਾ ਟੈਟੂ ਬਣਾਇਆ ਹੋਇਆ ਹੈ।
ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਅੱਜ ਤੈਨੂੰ ਦੇਖਿਆ ਅਤੇ ਮਿਲਿਆ ਪੂਰੇ ਤਿੰਨ ਸਾਲ ਹੋ ਗਏ ਬਾਈ, ਅੱਜ ਦੀ ਸ਼ਾਮ ਸਾਡੀ ਆਖ਼ਰੀ ਮਿਲਣੀ ਸੀ, ਪਰ ਰੱਬ ਦੀ ਸੌਂਹ ਜੇ ਕਦੇ ਤੂੰ ਮੇਰੇ ਮਨ ਤੋਂ ਦੂਰ ਹੋਇਆ ਹੋਵੇ ਜਾਂ ਤੇਰੀ ਆਵਾਜ਼ ਜਾਂ ਤੇਰਾ ਹਾਸਾ ਜਾਂ ਤੇਰਾ ਚਿਹਰਾ ਇੱਕ ਪਲ ਲਈ ਵੀ ਧੁੰਦਲਾ ਹੋਇਆ ਹੋਵੇ, ਤੂੰ ਜਿੱਥੇ ਵੀ ਹੋਵੇ ਬਾਈ ਖੁਸ਼ ਅਤੇ ਸ਼ਾਂਤ ਹੋਵੇ ਤੇ ਮੈਂ ਜਦੋਂ ਤੱਕ ਇਸ ਧਰਤੀ ‘ਤੇ ਰਹਾਂ ਪ੍ਰਮਾਤਮਾ ਤੈਨੂੰ ਮੇਰੇ ਦਿਲੋਂ-ਦਿਮਾਗ਼ ‘ਚ ਏਸੇ ਤਰ੍ਹਾਂ ਜਿਉਂਦਾ ਰੱਖੇ, ਰੱਬ ਨਾ ਕਰੇ ਇਹ ਯਾਦਾਂ ਕਦੇ ਧੁੰਦਲੀਆਂ ਹੋਣ।'
ਹੁਣ ਪ੍ਰਸ਼ੰਸਕ ਵੀ ਇਸ ਪੋਸਟ ਉਤੇ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਕੁੱਲ ਸਿੱਧੂ ਤੂੰ ਬਹੁਤ ਕਰਮਾਂ ਵਾਲੀ ਹੈ, ਦੀਪ ਸਿੱਧੂ ਨਾਲ ਫਿਲਮ ਕੀਤੀ ਆ ਦੀਪ ਸਿੱਧੂ ਇੱਕ ਬਹੁਤ ਵੱਡੀ ਸੋਚ ਅਤੇ ਸੱਚ ਦੇ ਮਾਲਕ ਰਹੇ ਹਨ।' ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰ ਦੀ ਯਾਦ ਵਿੱਚ ਕੁਮੈਂਟ ਕਰ ਰਹੇ ਹਨ।