ਚੰਡੀਗੜ੍ਹ: ਭਾਰਤ ਸਮੇਤ ਵੱਖ-ਵੱਖ ਮੁਲਕਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮਝੈਲ' ਨੂੰ ਇੰਨੀ ਦਿਨੀਂ ਵਰਲਡ ਵਾਈਡ ਕਾਫ਼ੀ ਭਰਵਾਂ ਦਰਸ਼ਕ ਹੁੰਗਾਰਾ ਮਿਲ ਰਿਹਾ ਹੈ, ਜੋ ਜਲਦ ਹੀ ਪਾਕਿਸਤਾਨ ਭਰ ਦੇ ਸਿਨੇਮਾਘਰਾਂ ਦਾ ਵੀ ਸ਼ਿੰਗਾਰ ਬਣਨ ਜਾ ਰਹੀ ਹੈ।
'ਗੀਤ ਐਮਪੀ3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਪੇਸ਼ ਕੀਤੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਦੁਆਰਾ ਕੀਤਾ ਗਿਆ ਹੈ। ਨਿਰਮਾਤਾ ਕੇ.ਵੀ ਢਿੱਲੋਂ ਅਤੇ ਅਨਮੋਲ ਸਾਹਨੀ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਗਈ ਉਕਤ ਐਕਸ਼ਨ ਪੈਕੇਡ ਫਿਲਮ ਦੀ ਸਟਾਰ-ਕਾਸਟ ਵਿੱਚ ਦੇਵ ਖਰੌੜ ਅਤੇ ਰੂਪੀ ਗਿੱਲ ਤੋਂ ਇਲਾਵਾ ਗੁੱਗੂ ਗਿੱਲ, ਹੌਬੀ ਧਾਲੀਵਾਲ, ਮਾਰਕ ਰੰਧਾਵਾ, ਯਾਦ ਗਰੇਵਾਲ ਸ਼ੁਮਾਰ ਹਨ, ਜਿੰਨ੍ਹਾਂ ਨਾਲ ਵਰਸਟਾਈਲ ਅਦਾਕਾਰ ਧੀਰਜ ਕੁਮਾਰ ਅਤੇ ਬਹੁ-ਪੱਖੀ ਅਦਾਕਾਰਾ ਕੁੱਲ ਸਿੱਧੂ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
31 ਜਨਵਰੀ ਨੂੰ ਵੱਡੇ ਪੱਧਰ ਉੱਪਰ ਪ੍ਰਦਸ਼ਿਤ ਕੀਤੀ ਗਈ ਇਸ ਫਿਲਮ ਨੂੰ 07 ਫ਼ਰਵਰੀ ਨੂੰ ਲਹਿੰਦੇ ਪੰਜਾਬ 'ਚ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਦੇਵ ਖਰੌੜ ਦੀ ਪਾਕਿਸਤਾਨ 'ਚ ਰਿਲੀਜ਼ ਹੋਣ ਜਾ ਰਹੀ ਇਸ ਸਾਲ 2025 ਦੀ ਪਹਿਲੀ ਫਿਲਮ ਹੋਵੇਗੀ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ 'ਮੋੜ: ਲਹਿੰਦੀ ਰੁੱਤ ਦੇ ਨਾਇਕ' ਨੂੰ ਵੀ ਉੱਥੋਂ ਦੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
"ਮਝੈਲ ਤੇ ਇੱਕ ਨੀ ਵਿਗੜਿਆ ਮਾਣ, ਐਥੇ ਤੇ ਸਾਰੇ ਵਿਗੜੇ ਫਿਰਦੇ ਆ" ਦੀ ਟੈਗ-ਲਾਇਨ ਅਧੀਨ ਬਣਾਈ ਗਈ ਇਸ ਫਿਲਮ ਨੂੰ ਆਸਟ੍ਰੇਲੀਆਂ, ਯੂਐਸਏ, ਨਿਊਜ਼ੀਲੈਂਡ, ਯੂਰਪ ਤੋਂ ਇਲਾਵਾ ਕੈਨੇਡਾ ਵਿਖੇ ਵੀ ਜਾਰੀ ਕੀਤਾ ਗਿਆ ਹੈ, ਜਿੱਥੋਂ ਦੇ ਸਭ ਹਿੱਸਿਆਂ ਵਿੱਚ ਇਹ ਫਿਲਮ ਚੰਗਾ ਕਾਰੋਬਾਰ ਕਰਨ ਵੱਲ ਵੱਧ ਰਹੀ ਹੈ।
ਦੁਨੀਆਂ ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੀ ਇਸ ਐਕਸ਼ਨ ਡਰਾਮਾ ਫਿਲਮ ਨੂੰ ਲੈ ਕੇ ਪਾਕਿਸਤਾਨ ਭਰ ਦੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਨੂੰ ਵੇਖਦਿਆਂ ਇੱਥੋਂ ਨਾਲ ਸੰਬੰਧਤ ਫਿਲਮ ਦੇ ਵਿਤਰਕਾ ਵਿੱਚ ਵੀ ਕਾਫ਼ੀ ਖੁਸ਼ੀ ਪਾਈ ਜਾ ਰਹੀ ਹੈ। ਲਹਿੰਦੇ ਪੰਜਾਬ ਦੇ ਜਿੰਨ੍ਹਾਂ ਵੱਖ-ਵੱਖ ਹਿੱਸਿਆਂ ਵਿੱਚ ਫਿਲਮ ਪ੍ਰਦਰਸ਼ਿਤ ਹੋਣ ਜਾ ਰਹੀ ਹੈ, ਉਨ੍ਹਾਂ ਵਿੱਚ ਲਾਹੌਰ, ਇਸਲਾਮਾਬਾਦ, ਸਾਹੀਵਾਲ ਆਦਿ ਵੀ ਸ਼ੁਮਾਰ ਹਨ।
ਇਹ ਵੀ ਪੜ੍ਹੋ: