ਬਰਨਾਲਾ: ਕਿਹਾ ਜਾਂਦਾ ਹੈ ਕਿ ਜੇ ਘਰ ਵਿੱਚ ਤੰਦਰੁਸਤੀ ਹੈ ਤਾਂ ਉਹ ਘਰ ਖੁਸ਼ਹਾਲ ਅਤੇ ਤਰੱਕੀ ਵਾਲਾ ਹੁੰਦਾ ਹੈ ਪਰ ਜੇਕਰ ਬਿਮਾਰੀ ਘਰ 'ਚ ਦਾਖ਼ਲ ਹੋ ਜਾਵੇ ਤਾਂ ਉਹ ਘਰ ਬਰਬਾਦ ਅਤੇ ਕਮਜ਼ੋਰ ਹੋ ਜਾਂਦਾ ਹੈ। ਜੇਕਰ ਉਹ ਬਿਮਾਰੀ ਕੈਂਸਰ ਵਰਗੀ ਹੋਵੇ ਤਾਂ ਪਰਿਵਾਰ ਦਾ ਉਜਾੜ ਵੀ ਹੋ ਸਕਦਾ ਹੈ। ਅਜਿਹੀ ਕਹਾਣੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੇ ਇੱਕ ਪਰਿਵਾਰ ਦੀ ਹੈ। ਇੱਕ ਛੋਟੇ ਜ਼ਿਮੀਂਦਾਰ ਪਰਿਵਾਰ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਨੇ ਇਸ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ। ਇਸ ਬਿਮਾਰੀ ਪਰਿਵਾਰ ਦੀ ਜਸਵਿੰਦਰ ਕੌਰ ਕੈਂਸਰ ਦੀ ਭਿਆਨਕ ਬਿਮਾਰੀ ਕਾਰਨ ਪਿਛਲੇ ਢਾਈ ਸਾਲਾਂ ਤੋਂ ਬਿਮਾਰ ਪਈ ਹੈ। ਉੱਥੇ ਉਸ ਦੇ ਪਤੀ ਵਿਸਾਖਾ ਸਿੰਘ ਦੀ ਵੀ ਤਿੰਨ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਨਾਲ ਹੀ ਮੌਤ ਹੋ ਗਈ ਸੀ। ਉਨ੍ਹਾਂ ਦਾ ਪੁੱਤ ਵੀ ਅਪਾਹਜ਼ ਹੈ। ਕੈਂਸਰ ਦੇ ਇਲਾਜ 'ਚ ਘਰ, ਜ਼ਮੀਨ ਅਤੇ ਟਰੈਕਟਰ ਤੱਕ ਵਿੱਕ ਚੁੱਕਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਸਮਾਜ ਸੇਵੀਆਂ ਐਨਆਰਆਈ ਭਰਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਮਾਂ-ਪੁੱਤ ਅਤੇ ਦਾਦੀ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਹਨ।
ਢਾਈ ਏਕੜ ਜ਼ਮੀਨ ਵੀ ਵੇਚੀ
ਇਸ ਮੌਕੇ ਜਾਣਕਾਰੀ ਦਿੰਦਿਆਂ ਕੈਂਸਰ ਪੀੜਤ ਜਸਵਿੰਦਰ ਕੌਰ ਨੇ ਦੁਖੀ ਮਨ ਨਾਲ ਕਿਹਾ ਕਿ ਕੈਂਸਰ ਦੀ ਬਿਮਾਰੀ ਉਹਨਾਂ ਦੇ ਘਰ ਇਸ ਤਰ੍ਹਾਂ ਆਈ ਕਿ ਘਰੋਂ ਬਾਹਰ ਜਾਣ ਦਾ ਨਾਂ ਨਹੀਂ ਲੈਂਦੀ। ਜਿਸ ਕਾਰਨ ਉਨ੍ਹਾਂ ਦੇ ਪਤੀ ਦੀ ਤਿੰਨ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ। ਜਿੱਥੇ ਉਸ ਦੇ ਪਤੀ ਨੂੰ ਬਚਾਉਣ ਲਈ ਇਲਾਜ ਦੌਰਾਨ ਉਨ੍ਹਾਂ ਦੇ ਹਿੱਸੇ ਆਉਂਦੀ ਆਪਣੀ ਢਾਈ ਏਕੜ ਜ਼ਮੀਨ ਵੀ ਵੇਚ ਦਿੱਤੀ। ਇਥੋਂ ਤੱਕ ਕਿ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਤੋਂ ਇਕੱਠੇ ਕਰਕੇ ਲੱਖਾਂ ਰੁਪਏ ਖ਼ਰਚ ਕੀਤੇ ਸਨ ਪਰ ਉਸ ਦੇ ਪਤੀ ਨੂੰ ਨਹੀਂ ਬਚਾਇਆ ਜਾ ਸਕਿਆ।
ਪੁੱਤ ਵੀ ਅੰਗਹੀਣ
ਜਿਸ ਤੋਂ ਬਾਅਦ ਹੁਣ ਆਪ ਵੀ ਉਹ ਪਿਛਲੇ ਢਾਈ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ। ਉਸ ਨੇ ਦੱਸਿਆ ਕਿ ਮੇਰੇ ਇਲਾਜ਼ ਲਈ ਵੀ ਰਿਸ਼ਤੇਦਾਰ ਤੋਂ ਲੱਖਾਂ ਰੁਪਏ ਲੈ ਕੇ ਇਲਾਜ ਕਰਵਾਇਆ ਜਾ ਰਿਹਾ ਸੀ, ਪਰ ਹੁਣ ਰਿਸ਼ਤੇਦਾਰ ਵੀ ਮਦਦ ਦੇ ਲਈ ਜਵਾਬ ਦੇ ਰਹੇ ਹਨ। ਉਨ੍ਹਾਂ ਦਾ ਇੱਕ ਘਰ ਵੀ ਬਿਮਾਰੀ ਕਾਰਨ ਵਿਕ ਚੁੱਕਾ ਹੈ। ਹਰ ਮਹੀਨੇ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਕੈਂਸਰ ਦੀ ਦਵਾਈ ਦਾ ਖ਼ਰਚਾ ਹੋ ਜਾਂਦਾ ਹੈ। ਹੁਣ ਜਸਵਿੰਦਰ ਕੌਰ ਦਾ ਇਲਾਜ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਪਹਿਲਾਂ ਪਤੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਹੈ। ਹੁਣ ਉਹ ਆਪਣੇ ਪੱਤ ਤੇ ਆਪਣੀ ਸੱਸ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਕਿਰਾਇਆ ਵੀ ਪੂਰਾ ਨਹੀਂ ਹੁੰਦਾ। ਉਨ੍ਹਾਂ ਦੁਖੀ ਮਨ ਕਿਹਾ ਕਿ ਉਸ ਦਾ ਪੁੱਤ ਵੀ ਅੰਗਹੀਣ ਹੈ, ਜੋ ਬਚਪਨ ਤੋਂ ਹੀ ਕੋਈ ਕੰਮ ਕਾਜ ਨਹੀਂ ਕਰ ਸਕਦਾ।
ਮਦਦ ਦੀ ਗੁਹਾਰ
ਕੈਂਸਰ ਪੀੜਤ ਜਸਵਿੰਦਰ ਕੌਰ ਅਤੇ ਉਸ ਦੇ ਪੁੱਤਰ ਨੇ ਪੰਜਾਬ ਸਰਕਾਰ, ਸਮਾਜ ਸੇਵੀਆਂ ਅਤੇ ਵਿਦੇਸ਼ ਬੈਠੇ ਐਨਆਰਆਈ ਭਰਾਵਾਂ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਆਪਣਾ ਇਲਾਜ ਕਰਵਾ ਸਕਣ ਅਤੇ ਆਪਣਾ ਪਰਿਵਾਰ ਪਾਲ ਸਕਣ। ਕੈਂਸਰ ਪੀੜਤ ਜਸਵਿੰਦਰ ਕੌਰ ਨੇ ਆਪਣੇ ਬੈਂਕ ਖਾਤਾ ਅਤੇ ਗੂਗਲ ਪੇ ਨੰਬਰ ਵੀ ਦੇ ਕੇ ਸਹਾਇਤਾ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਗਿਆਨ ਸਿੰਘ ਨੇ ਵੀ ਇਸ ਪਰਿਵਾਰ ਦੀ ਹੱਡ ਬੀਤੀ ਬਿਆਨ ਕੀਤੀ। ਉੱਥੇ ਪੰਚਾਇਤ ਵੱਲੋਂ ਜਿੱਥੇ ਮਦਦ ਕਰਨ ਦੀ ਗੱਲ ਕੀਤੀ। ਉੱਥੇ ਸਮਾਜ ਸੇਵੀਆਂ ਅਤੇ ਐਨਆਰਆਈ ਨੂੰ ਵੀ ਇਸ ਪਰਿਵਾਰ ਦੇ ਮਦਦ ਲਈ ਅੱਗੇ ਆਉਣ ਲਈ ਬੇਨਤੀ ਕੀਤੀ ਹੈ।