ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਕਾਮੇਡੀਅਨ ਅਤੇ ਹੋਸਟ ਕਪਿਲ ਸ਼ਰਮਾ, ਜੋ ਅਪਣੇ ਪਾਪੂਲਰ ਸੈਲੀਬ੍ਰਿਟੀ ਚੈਟ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਤੀਜੇ ਓਟੀਟੀ ਸੀਜ਼ਨ ਨਾਲ ਧਮਾਕੇਦਾਰ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਜਲਦ ਹੀ ਸਟ੍ਰੀਮ ਹੋਣ ਜਾ ਰਿਹਾ ਹੈ।
ਨੈੱਟਫਲਿਕਸ ਦੀ ਇੱਕ ਹੋਰ ਵੱਡੀ ਪੇਸ਼ਕਸ਼ ਵਜੋਂ ਸਾਹਮਣੇ ਆਉਣ ਜਾ ਰਹੇ ਇਸ ਮੈਗਾ ਸ਼ੋਅ ਸੀਜ਼ਨ 3 ਦਾ ਅਧਿਕਾਰਤ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੋਨੀ ਟੈਲੀਵਿਜ਼ਨ ਤੋਂ ਸਾਲ 2021 ਵਿੱਚ ਵਜ਼ੂਦ ਵਿੱਚ ਲਿਆਂਦੇ ਗਏ ਅਤੇ ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਉਕਤ ਸ਼ੋਅ ਨੇ ਕਲਰਜ਼ ਚੈੱਨਲ ਉਪਰ ਵੀ ਅਪਣਾ ਲੰਮਾਂ ਪੈਂਡਾ ਸਫਲਤਾਪੂਰਵਕ ਤੈਅ ਕਰਨ ਦਾ ਮਾਣ ਹਾਸਿਲ ਕੀਤਾ ਹੈ, ਜਿਸ ਉਪਰੰਤ ਹਾਲ ਹੀ ਦੇ ਸਾਲਾਂ ਵਿੱਚ ਨੈੱਟਫਲਿਕਸ ਦਾ ਹਿੱਸਾ ਬਣੇ ਇਸ ਸ਼ੋਅ ਦੀ ਕਾਮਯਾਬੀ ਦਾ ਇਹ ਸਫ਼ਰ ਬਾ-ਦਸਤੂਰ ਉਸੇ ਤਰ੍ਹਾਂ ਜਾਰੀ ਹੈ, ਜਿਸ ਨੂੰ ਹੁਣ ਹੋਰ ਵੱਡੇ ਅਤੇ ਆਲੀਸ਼ਾਨਤਾ ਭਰੇ ਰੂਪ ਵਿੱਚ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।
ਛੋਟੇ ਪਰਦੇ ਦੇ ਸਭ ਤੋਂ ਵੱਡੇ ਰਿਐਲਟੀ ਸ਼ੋਅ ਵਜੋਂ ਮਕਬੂਲੀਅਤ ਹਾਸਿਲ ਕਰਨ ਵਾਲੇ ਉਕਤ ਸ਼ੋਅ ਨੂੰ ਇਸ ਵਾਰ ਫਿਰ ਚਾਰ ਚੰਨ ਲਾਉਣ ਜਾ ਰਹੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕਪਿਲ ਸ਼ਰਮਾ, ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਕਿਕੂ ਸ਼ਾਰਦਾ, ਰਾਜੀਵ ਠਾਕੁਰ, ਅਰਚਨਾ ਪੂਰਨ ਸਿੰਘ ਆਦਿ ਸ਼ਾਮਿਲ ਹਨ, ਜਦਕਿ ਕ੍ਰਿਏਟਿਵ ਟੀਮ ਦੀ ਕਮਾਂਡ ਅਨੁਕਲਪ ਗੋਸਵਾਮੀ ਸੰਭਾਲਣਗੇ, ਜੋ ਅੱਜਕੱਲ੍ਹ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਕਪਿਲ ਸ਼ਰਮਾ ਦੀ ਨਵੀਂ ਅਤੇ ਸੀਕਵਲ ਹਿੰਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਦਾ ਵੀ ਨਿਰਦੇਸ਼ਨ ਕਰ ਰਹੇ ਹਨ, ਜੋ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਹੈ।
ਓਧਰ ਉਕਤ ਸ਼ੋਅ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਸ਼ਰਮਾ ਦੇ ਮੁੱਢ ਕਦੀਮੀ ਸੰਘਰਸ਼ੀ ਪੜਾਅ ਤੋਂ ਉਨ੍ਹਾਂ ਦੇ ਨਜ਼ਦੀਕੀ ਜੋੜੀਦਾਰ ਰਹੇ ਮਸ਼ਹੂਰ ਕਾਮੇਡੀਅਨ ਚੰਦਨ ਪ੍ਰਭਾਕਰ ਇਸ ਵਾਰ ਫਿਰ ਇਸ ਦਾ ਹਿੱਸਾ ਨਹੀਂ ਬਣਾਏ ਗਏ ਹਨ, ਜਦਕਿ ਉਨ੍ਹਾਂ ਵੱਲੋਂ ਇਸ ਸ਼ੋਅ ਦੇ ਸ਼ੁਰੂਆਤੀ ਸਮੇਂ ਤੋਂ ਲੈ ਕੇ ਵੱਖ-ਵੱਖ ਪੜਾਵਾਂ ਅਧੀਨ ਨਿਭਾਈ ਚੰਦੂ ਚਾਏ ਵਾਲਾ ਦੀ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਹੈ, ਜਿੰਨ੍ਹਾਂ ਦੇ ਇਸ ਚਰਚਿਤ ਕਿਰਦਾਰ ਨੇ ਉਕਤ ਸ਼ੋਅ ਨੂੰ ਸਮੇਂ ਦਰ ਸਮੇਂ ਪ੍ਰਭਾਵੀ ਰੂਪ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: