ਮੁਹਾਲੀ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਾਲ 1992 'ਚ 2 ਨੌਜਵਾਨਾਂ ਬਲਦੇਵ ਸਿੰਘ ਉਰਫ਼ ਦੇਬਾ ਅਤੇ ਕੁਲਵੰਤ ਸਿੰਘ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ 2 ਸਾਬਕਾ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਤਤਕਾਲੀ ਐੱਸਐੱਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਨੂੰ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਹੈ, ਜਦਕਿ ਇੰਸਪੈਕਟਰ ਚਮਨ ਲਾਲ ਅਤੇ ਡੀਐੱਸਪੀ ਐੱਸਐੱਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕੀਤਾ ਸੀ ਇਹ ਦਾਅਵਾ
ਹਾਲਾਂਕਿ 1992 'ਚ ਝੂਠੇ ਮੁਕਾਬਲੇ ਦੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਹ ਦੋਵੇਂ ਕੱਟੜ ਅੱਤਵਾਦੀ ਸਨ, ਜਿਨ੍ਹਾਂ 'ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਉਹ ਕਤਲ, ਫਿਰੌਤੀ, ਲੁੱਟ-ਖੋਹ ਆਦਿ ਦੇ ਸੈਂਕੜੇ ਮਾਮਲਿਆਂ ਵਿੱਚ ਸ਼ਾਮਲ ਸਨ। ਦੋਹੇ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵਿੱਚ ਤਤਕਾਲੀ ਕੈਬਨਿਟ ਮੰਤਰੀ ਗੁਰਮੇਜ ਸਿੰਘ ਦੇ ਪੁੱਤਰ ਦੇ ਕਤਲ ਵਿੱਚ ਵੀ ਸ਼ਾਮਲ ਹਨ। ਹਾਲਾਂਕਿ, ਅਸਲ ਵਿੱਚ, ਉਨ੍ਹਾਂ ਵਿੱਚੋਂ ਇੱਕ ਫੌਜ ਦਾ ਸਿਪਾਹੀ ਸੀ ਅਤੇ ਦੂਜਾ 16 ਸਾਲ ਦਾ ਨਾਬਾਲਗ ਸੀ।
ਮੰਤਰੀ ਦੇ ਪੁੱਤਰ ਦੇ ਕਤਲ ਕੇਸ ਵਿੱਚ ਫਸਾਇਆ
ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਨੂੰ ਮਿਤੀ 6/9/1992 ਨੂੰ ਉਸ ਦੇ ਘਰੋਂ SHO ਛੇਹਰਟਾ ਮਹਿੰਦਰ ਸਿੰਘ ਅਤੇ ਸਬ-ਇੰਸਪੈਕਟਰ ਹਰਭਜਨ ਸਿੰਘ 'ਤੇ ਅਧਾਰਿਤ ਪੁਲਿਸ ਪਾਰਟੀ ਨੇ ਚੁੱਕ ਲਿਆ ਅਤੇ ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ਼ ਲੱਖਾ ਉਰਫ਼ ਫੋਰਡ ਨੂੰ ਉਸ ਦੇ ਘਰੋਂ ਪਿੰਡ ਨੰਗਲੀ ਤੋਂ ਚੁੱਕ ਲਿਆ। ਦੋਹਾਂ ਨੂੰ ਉਸ ਸਮੇਂ ਦੇ ਬੇਅੰਤ ਸਰਕਾਰ ਵਿੱਚ ਮੰਤਰੀ ਗੁਰਮੇਜ ਸਿੰਘ ਦੇ ਲੜਕੇ ਸ਼ਿੰਦੀ ਦੇ ਕਤਲ ਕੇਸ ਵਿੱਚ ਸ਼ਾਮਿਲ ਦੱਸਦੇ ਹੋਏ ਨਾਮਜ਼ਦ ਕਰ ਲਿਆ ਅਤੇ ਬਲਦੇਵ ਸਿੰਘ ਦੇਬਾ ਦੀ ਮਿਤੀ 13/9/92 ਨੂੰ ਮੰਤਰੀ ਦੇ ਪੁੱਤਰ ਦੇ ਕਤਲ ਦੇ ਕੇਸ ਵਿੱਚ ਗ੍ਰਿਫ਼ਤਾਰੀ ਦਿਖਾ ਦਿੱਤੀ।
ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਬਲਦੇਵ ਸਿੰਘ ਦੇਬਾ ਨੂੰ ਜਦੋਂ ਹਥਿਆਰਾਂ ਦੀ ਬ੍ਰਾਮਦਗੀ ਲਈ ਪਿੰਡ ਜਗਦੇਵ ਕਲਾਂ ਲੈ ਕੇ ਗਏ ਤਾਂ ਅੱਤਵਾਦੀਆਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਬਲਦੇਵ ਸਿੰਘ ਦੇਬਾ ਅਤੇ ਇੱਕ ਅਣਪਛਾਤਾ ਹਮਲਾਵਰ ਮਾਰਿਆ ਗਿਆ। ਪੁਲਿਸ ਦੀ ਕਹਾਣੀ ਅਨੁਸਾਰ ਅਣਪਛਾਤੇ ਹਮਲਾਵਰ ਦੀ ਲਾਸ਼ ਦੀ ਪਛਾਣ ਬਲਦੇਵ ਸਿੰਘ ਦੇਬਾ ਤੇ ਲਖਵਿੰਦਰ ਸਿੰਘ ਲੱਖਾ ਦੇ ਤੌਰ ਉੱਤੇ ਹੋਈ। ਪੁਲਿਸ ਵੱਲੋਂ ਨਾ ਤਾਂ ਲਾਸ਼ਾਂ ਪਰਿਵਾਰ ਨੂੰ ਦਿੱਤੀਆਂ ਅਤੇ ਸਗੋਂ ਆਪੇ ਹੀ ਉਨ੍ਹਾਂ ਦਾ ਸਸਕਾਰ ਲਵਾਰਿਸ ਕਹਿ ਕੇ ਕਰ ਦਿੱਤਾ।
ਸੁਪਰੀਮ ਕੋਰਟ ਨੇ ਜਾਂਚ ਕਰਵਾਈ ਸੀ ਸ਼ੁਰੂ
ਸਾਲ 1995 ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਵੱਲੋਂ ਅਣਪਛਾਤੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਸਕਾਰ ਕਰਨ ਦੇ ਕੇਸ ਵਿੱਚ ਸੀ.ਬੀ.ਆਈ ਨੂੰ ਇੰਨਕੁਆਰੀ ਕਰਨ ਲਈ ਕਿਹਾ ਅਤੇ ਇਸ ਕੇਸ ਦੌਰਾਨ ਬਲਦੇਵ ਸਿੰਘ ਦੇਬਾ ਦੇ ਪਿਤਾ ਬੂਟਾ ਸਿੰਘ ਨੇ ਵੀ ਸ਼ਿਕਾਇਤ ਦਰਜ ਕਰਵਾਈ ਅਤੇ ਮਿਤੀ 13/9/92 ਦੇ ਮੁਕਾਬਲੇ ਦੀ ਜਾਂਚ ਵੀ ਸੀ.ਬੀ.ਆਈ ਵੱਲੋਂ ਕੀਤੀ ਗਈ ਅਤੇ ਸਾਲ 2000 ਵਿੱਚ ਛੇਹਰਟਾ, ਖਾਸਾ ਅਤੇ ਮਜੀਠਾ ਦੇ 9 ਪੁਲਿਸ ਅਧਿਕਾਰੀਆਂ ਖਿਲਾਫ ਅਗਵਾਹ, ਨਜ਼ਾਇਜ ਹਿਰਾਸਤ, ਸਾਜ਼ਿਸ, ਕਤਲ ਅਤੇ ਜਾਅਲੀ ਦਸਤਾਵੇਜ਼ ਬਨਾਉਣ ਦੇ ਜ਼ੁਰਮ ਅਧੀਨ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ ਗਈ। ਪਰ ਇਸ ਤੋਂ ਬਾਅਦ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀਆਂ ਪਟੀਸ਼ਨਾ ਉੱਤੇ ਸਟੇਅ ਦੇ ਦਿੱਤਾ ਗਿਆ। ਇਸ ਕਰਕੇ ਇਸ ਕੇਸ ਦੀ ਸੁਣਵਾਈ ਮੁੜ ਤੋਂ ਸਾਲ 2022 ਵਿੱਚ ਸ਼ੁਰੂ ਹੋਈ ਅਤੇ ਜਿਸ ਦਾ ਅੱਜ ਕਰੀਬ 33 ਸਾਲਾਂ ਬਾਅਦ ਫੈਸਲਾ ਆਇਆ। ਇਸ ਦੌਰਾਨ 5 ਮੁਲਜ਼ਮਾਂ ਦੀ ਮੌਤ ਹੋ ਗਈ ਅਤੇ 4 ਮੁਲਜ਼ਮ ਐੱਸ.ਐੱਸ ਸਿੱਧੂ, Insp/CIA ਚਮਨ ਲਾਲ, SHO ਮਜੀਠਾ ਗੁਰਭਿੰਦਰ ਸਿੰਘ ਅਤੇ ASI ਪ੍ਰਸ਼ੋਤਮ ਸਿੰਘ ਇਸ ਕੇਸ ਦੇ ਟ੍ਰਾਇਲ ਭੁਗਤਦੇ ਰਹੇ।
19 ਗਵਾਹਾਂ ਦੀ ਹੋ ਚੁੱਕੀ ਹੈ ਮੌਤ
ਸੀਬੀਆਈ ਨੇ 30/8/1999 ਨੂੰ ਐਸਐਸ ਸਿੱਧੂ, ਹਰਭਜਨ ਸਿੰਘ, ਮਹਿੰਦਰ ਸਿੰਘ, ਪੁਰਸ਼ੋਤਮ ਲਾਲ, ਚਮਨ ਲਾਲ, ਗੁਰਭਿੰਦਰ ਸਿੰਘ, ਮੋਹਨ ਸਿੰਘ, ਪੁਰਸ਼ੋਤਮ ਸਿੰਘ ਅਤੇ ਜੱਸਾ ਸਿੰਘ ਵਿਰੁੱਧ ਅਗਵਾ, ਅਪਰਾਧਿਕ ਸਾਜ਼ਿਸ਼, ਕਤਲ, ਝੂਠੇ ਰਿਕਾਰਡ ਤਿਆਰ ਕਰਨ ਲਈ ਚਾਰਜਸ਼ੀਟ ਦਾਇਰ ਕੀਤੀ। ਪਰ ਗਵਾਹਾਂ ਦੇ ਬਿਆਨ 2022 ਤੋਂ ਬਾਅਦ ਦਰਜ ਕੀਤੇ ਗਏ ਕਿਉਂਕਿ ਇਸ ਸਮੇਂ ਦੌਰਾਨ ਹਾਈ ਕੋਰਟ ਦੇ ਹੁਕਮਾਂ 'ਤੇ ਕੇਸ ਮੁਲਤਵੀ ਹੁੰਦਾ ਰਿਹਾ। ਪੀੜਤ ਪਰਿਵਾਰ ਦੇ ਵਕੀਲ ਅਨੁਸਾਰ ਭਾਵੇਂ ਸੀਬੀਆਈ ਨੇ ਕੇਸ ਵਿੱਚ 37 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਸੁਣਵਾਈ ਦੌਰਾਨ ਸਿਰਫ਼ 19 ਗਵਾਹਾਂ ਦੇ ਹੀ ਬਿਆਨ ਦਰਜ ਕੀਤੇ ਗਏ ਹਨ ਕਿਉਂਕਿ ਸੀਬੀਆਈ ਵੱਲੋਂ ਪੇਸ਼ ਕੀਤੇ ਗਏ ਜ਼ਿਆਦਾਤਰ ਗਵਾਹਾਂ ਦੀ ਦੇਰੀ ਨਾਲ ਚੱਲ ਰਹੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਘਟਨਾ ਦੇ 32 ਸਾਲਾਂ ਬਾਅਦ ਇਨਸਾਫ ਮਿਲ ਗਿਆ ਹੈ।
ਵਰਣਨਯੋਗ ਹੈ ਕਿ ਮ੍ਰਿਤਕ ਬਲਦੇਵ ਸਿੰਘ ਦੇਬਾ ਫੌਜ ਵਿੱਚ ਨੌਕਰੀ ਕਰਦਾ ਸੀ ਅਤੇ ਸ੍ਰੀਨਗਰ ਤਾਇਨਾਤ ਸੀ ਅਤੇ ਉਹਨਾਂ ਦੀ ਭੈਣ ਸੁਖਵਿੰਦਰ ਕੌਰ ਵੱਲੋਂ ਫੈਸਲੇ 'ਤੇ ਖੁਸ਼ੀ ਜ਼ਾਹਿਰ ਨਹੀਂ ਕੀਤੀ ਗਈ ਅਤੇ ਕਿਹਾ ਕਿ ਉਹ ਬਰੀ ਹੋਣ ਵਾਲੇ ਮੁਲਜ਼ਮਾਂ ਦੇ ਖਿਲਾਫ ਵੀ ਉੱਚ ਅਦਾਲਤ ਵਿੱਚ ਅਪੀਲ ਦਰਜ ਕਰਨਗੇ।