ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਬਤੌਰ ਮਾਡਲ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਿਹਾ ਹੈ ਮਾਡਲ ਜਤਿੰਦਰ ਬਿੱਲਾ, ਜੋ ਹੁਣ ਬਤੌਰ ਅਦਾਕਾਰ ਪਾਲੀਵੁੱਡ ਵਿੱਚ ਵੀ ਅਪਣੀ ਨਵੀਂ ਅਤੇ ਸ਼ਾਨਦਾਰ ਪਾਰੀ ਲਈ ਤਿਆਰ ਹੈ, ਜਿਸ ਦੇ ਨਵੀਆਂ ਪੈੜ੍ਹਾਂ ਦੀ ਸਥਾਪਤੀ ਵੱਲ ਵਧਾਏ ਜਾ ਰਹੇ ਇੰਨ੍ਹਾਂ ਹੀ ਕਦਮਾਂ ਦੀ ਪ੍ਰਭਾਵੀ ਆਹਟ ਦਾ ਅਹਿਸਾਸ ਕਰਵਾਉਣ ਜਾ ਰਹੀ ਉਸ ਦੀ ਪਲੇਠੀ ਪੰਜਾਬੀ ਫਿਲਮ 'ਬਲੀਪੁਰ', ਜੋ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਸ਼ਾਲੀਮਾਰ ਫਿਲਮ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਜਸਪ੍ਰੀਤ ਮਾਨ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਐਕਸ਼ਨ ਡਰਾਮਾ ਅਤੇ ਚਰਚਿਤ ਸਟੋਰੀ-ਸਕਰੀਨ ਪਲੇਅ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫਿਲਮ ਦੇ ਕੈਮਰਾਮੈਨ ਅਭਿਸ਼ੇਕ ਚੌਹਾਨ ਹਨ।
ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਉਕਤ ਫਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਚਾਰੇ-ਪਾਸੇ ਤੋਂ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪੰਜਾਬ ਦੇ ਪੇਂਡੂ ਬੈਕਡ੍ਰਾਪ ਦੁਆਲੇ ਬੁਣੀ ਗਈ ਅਤੇ ਬਲੀਪੁਰ ਨਾਮਕ ਕਾਲਪਨਿਕ ਪਿੰਡ ਦੀ ਕਹਾਣੀ ਬਿਆਨ ਕਰਦੀ ਇਸ ਫਿਲਮ ਵਿੱਚ ਇੰਸਪੈਕਟਰ ਵਰਿਆਮ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਅਦਾਕਾਰ ਜਤਿੰਦਰ ਸਿੰਘ, ਜਿੰਨ੍ਹਾਂ ਦੀ ਅਦਾਕਾਰੀ ਵਿੱਚ ਐਕਸ਼ਨ-ਰੁਮਾਂਸ ਅਤੇ ਇਮੋਸ਼ਨ ਭਰੇ ਕਈ ਸ਼ੇਡਜ਼ ਇਸ ਫਿਲਮ ਵਿੱਚ ਵੇਖਣ ਨੂੰ ਮਿਲਣਗੇ।
ਸੰਗੀਤਕ ਵੀਡੀਓਜ਼ ਦੀ ਦੁਨੀਆਂ ਵਿੱਚ ਉੱਚ-ਕੋਟੀ ਮਾਡਲ ਵਜੋਂ ਵਜ਼ੂਦ ਰੱਖਦੇ ਇਹ ਡੈਸ਼ਿੰਗ ਅਦਾਕਾਰ ਬੇਸ਼ੁਮਾਰ ਮਿਊਜ਼ਿਕ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਦੇ ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਸੰਗੀਤਕ ਵੀਡੀਓ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਪਾਕਿਸਤਾਨੀ ਜੁੱਤੀ' (ਅਰਪਿਤਾ ਬਾਂਸਲ ), 'ਸੂਹਾ ਫੁੱਲ' (ਜੈਸਮੀਨ ਬਰਾੜ), 'ਤੇਰੇ ਬਿਨਾਂ ਨਾ ਗੁਜ਼ਾਰਾ' (ਆਲਮਗੀਰ ਖਾਨ), 'ਗਜ਼ਰੇ' (ਬਲਜੀਤ ਬਿੱਟੀ ), 'ਫਾਸਲੇ' (ਸੋਨਾਲੀ ਪਿੰਗਲੇ), 'ਹਾਣੀਆਂ' (ਸ਼ਿਵਾਂਗੀ ਸਿੰਘ) 'ਟੁੱਟੇ ਦਿਲ' (ਰਣਜੀਤ ਰਾਣਾ) ਅਤੇ 'ਦਿਲ ਜਾਨੀ' (ਜੈਲੀ) ਆਦਿ ਸ਼ੁਮਾਰ ਰਹੇ ਹਨ।
ਕਰੀਅਰ ਦੇ ਹੁਣ ਤੱਕ ਦੇ ਸਫ਼ਰ ਦੌਰਾਨ ਹਿੰਦੀ ਲਘੂ ਫਿਲਮ 'ਕੁਰਬਾਨੀ' ਦਾ ਵੀ ਹਿੱਸਾ ਰਹੇ ਅਦਾਕਾਰ ਜਤਿੰਦਰ ਸਿੰਘ ਦੇ ਅਗਾਮੀ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਇੱਕ ਹੋਰ ਪੰਜਾਬੀ ਫਿਲਮ 'ਇੱਕ ਪਿੰਡ ਪੰਜਾਬ ਦਾ' ਵੀ ਸ਼ਾਮਿਲ ਹੈ, ਜੋ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਇਹ ਵੀ ਪੜ੍ਹੋ: