ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਭਾਰਤ ਦਾ ਪਹਿਲਾ ਏਆਈ ਸਕੂਲ ਬਣਨ ਜਾ ਰਿਹਾ ਹੈ, ਜਲਦ ਇਸ ਦੀ ਸ਼ੁਰੂਆਤ ਹੋ ਜਾਵੇਗੀ। ਖੇਤੀਬਾੜੀ ਨੂੰ ਨਵੀਆਂ ਸਿਖਰਾਂ ਉੱਤੇ ਪਹੁੰਚਾਉਣ ਦੇ ਲਈ ਏਆਈ ਨਾਲ ਜੋੜਿਆਂ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨਵਰਸਿਟੀ ਡਰੋਨ ਦੀ ਸਿਖਲਾਈ ਦੇਣ ਦੇ ਲਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਖੇਤੀਬਾੜੀ ਇੰਜੀਨੀਅਰਿੰਗ ਵਿਭਾਗ ਦੇ ਵਿੱਚ ਡਰੋਨ ਉਡਾਉਣ ਸੰਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਲਈ ਬਕਾਇਦਾ ਡਰੋਨ ਇੰਸਟਰਕਟਰ ਦੇ ਨਾਲ ਵਿਭਾਗ ਦੇ ਡੀਨ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ। ਇਸ ਦੌਰਾਨ ਏਆਈ ਸਕੂਲ ਖੋਲਣ ਦੀ ਪੁਸ਼ਟੀ ਖੁਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਡਾਕਟਰ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ 2025 ਸੈਸ਼ਨ ਵਿੱਚ ਇਸ ਦੀ ਸ਼ੁਰੂਆਤ ਹੋ ਜਾਵੇਗੀ। ਭਾਰਤ ਸਰਕਾਰ ਦੇ ਏਵੀਏਸ਼ਨ ਵਿਭਾਗ ਵੱਲੋਂ ਵੀ ਇਸ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਵੀਸੀ ਨੇ ਕੀਤੀ ਪੁਸ਼ਟੀ:
ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਗੋਸਲ ਨੇ ਕਿਹਾ ਕਿ ਏਆਈ ਸਕੂਲ ਸਮੇਂ ਦੀ ਲੋੜ ਹੈ। ਇਸ ਸਬੰਧੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਨਾਲ ਅਤੇ ਕਾਲਜਾਂ ਦੇ ਨਾਲ ਵੀ ਸਾਡਾ ਕੋਲੈਬਰੇਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਏਆਈ ਸਕੂਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖੁੱਲੇਗਾ। ਇਸ ਦਾ ਖਰੜਾ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਸੂਬਾ ਸਰਕਾਰ ਦੇ ਨਾਲ ਕੇਂਦਰ ਸਰਕਾਰ ਵੀ ਇਸ ਵਿੱਚ ਸਾਨੂੰ ਸਹਿਯੋਗ ਦੇ ਰਹੀ ਹੈ। ਵੀਸੀ ਨੇ ਕਿਹਾ ਕਿ ਬਾਇਓਟੈਕਨੋਲੋਜੀ ਦੇ ਜਦੋਂ ਉਹ ਹੈੱਡ ਸਨ ਉਸ ਵੇਲੇ ਵੀ ਇੱਕ ਵਿਸ਼ੇਸ਼ ਸਕੂਲ ਆਫ ਬਾਇਓ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੇ ਕਾਫੀ ਤਰੱਕੀ ਕੀਤੀ। ਉਨ੍ਹਾਂ ਕਿਹਾ ਕਿ ਇਸੇ ਦੇ ਤਹਿਤ ਅਸੀਂ ਏਆਈ ਸਕੂਲ ਖੋਲਣ ਜਾ ਰਹੇ ਹਾਂ ਜਿਸ ਵਿੱਚ ਰੋਬਰਟਿਕਸ, ਡਰੋਨ, ਆਟੋਮੇਸ਼ਨ ਦੇ ਨਾਲ ਸਿਖਲਾਈਆਂ ਦਿੱਤੀਆਂ ਜਾਣਗੀਆਂ। ਸੈਂਸਰ ਬੇਸ ਖੇਤੀ ਹੋਵੇਗੀ ਤਾਂ ਕੇ ਪਾਣੀ ਦੀ ਬੱਚਤ ਹੋਵੇ, ਨਮੀ ਦੇ ਮੁਤਾਬਿਕ ਹੀ ਪਾਣੀ ਫਸਲ ਨੂੰ ਲੱਗੇਗਾ।
ਡਰੋਨ ਪਾਇਲਟ ਹੋਣਗੇ ਤਿਆਰ:
ਖੇਤੀਬਾੜੀ ਇੰਜੀਨੀਰਿੰਗ ਵਿਭਾਗ ਦੇ ਮੁਖੀ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਨੂੰ ਸੌਖਾ ਕਰਨ ਦੇ ਲਈ ਡਰੋਨ ਤਕਨੀਕ ਜੋ ਕਿ ਵਿਦੇਸ਼ਾਂ ਦੇ ਵਿੱਚ ਪਹਿਲਾਂ ਹੀ ਪ੍ਰਚਲਿਤ ਹੈ ਉਸ ਨੂੰ ਅਸੀਂ ਇੱਥੇ ਲਿਆ ਰਹੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੇਂਦਰ ਸਰਕਾਰ ਦੀ ਡਰੋਨ ਦੀਦੀ ਦੇ ਤਹਿਤ ਚਲਾਈ ਜਾ ਰਹੀ ਸਕੀਮ ਦੇ ਵਿੱਚ ਪੰਜਾਬ ਦੀਆਂ ਕਈ ਮਹਿਲਾਵਾਂ ਗੁਰੂਗ੍ਰਾਮ ਦਿੱਲੀ ਜਾ ਕੇ ਸਿਖਲਾਈ ਲੈ ਕੇ ਆਈਆਂ ਹਨ। ਹੁਣ ਵਿਦਿਆਰਥੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੀ ਡਰੋਨ ਦੀ ਸਿਖਲਾਈ ਲੈ ਸਕਦੇ ਹਨ, ਬਾਹਰ ਜਾਣ ਦੀ ਲੋੜ ਨਹੀਂ ਹੋਵੇਗੀ। 7 ਦਿਨ ਦੀ ਟ੍ਰੇਨਿੰਗ ਹੋਵੇਗੀ ਅਤੇ ਨਾਲ ਹੀ 2 ਦਿਨ ਹੋਰ ਵਾਧੂ ਦਿੱਤੇ ਜਾਣਗੇ ਜਿਸ ਵਿੱਚੋਂ ਸਿਖਿਆਰਥੀ ਪ੍ਰੈਕਟੀਕਲ ਕਰ ਸਕਣਗੇ। ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਵੀ ਕੋਈ ਨਵੀਂ ਤਕਨੀਕ ਆਉਂਦੀ ਹੈ ਮਹਿੰਗੀ ਜ਼ਰੂਰ ਹੁੰਦੀ ਹੈ ਪਰ ਸਮੇਂ ਦੇ ਨਾਲ ਇਹ ਕਾਫੀ ਸੌਖੀ ਅਤੇ ਸਸਤੀ ਹੋ ਜਾਂਦੀ ਹੈ।
ਕਿੰਨੀ ਫੀਸ:
ਇਸ ਦੌਰਾਨ ਡਰੋਨ ਚਲਾਉਣ ਵਾਲੇ ਇੰਸਟਰਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 35 ਹਜ਼ਾਰ ਦੇ ਨਾਲ ਜੀਐੱਸਟੀ ਫੀਸ ਲਈ ਜਾਵੇਗੀ। 7 ਦਿਨ ਦੀ ਸਿਖਲਾਈ ਹੋਵੇਗੀ, ਪਹਿਲੇ ਪੜਾਅ ਦੇ ਤਹਿਤ 20 ਵਿਦਿਆਰਥੀਆਂ ਜਾਂ ਕਿਸਾਨਾਂ ਦਾ ਗਰੁੱਪ ਹੋਵੇਗਾ। ਜੇਕਰ 10 ਵਿਦਿਆਰਥੀ ਵੀ ਹੋ ਜਾਣਗੇ ਤਾਂ ਵੀ ਉਹ ਸੈਸ਼ਨ ਦੀ ਸ਼ੁਰੂਆਤ ਕਰ ਦੇਣਗੇ। ਵਿਦਿਆਰਥੀਆਂ ਦਾ ਰਹਿਣ-ਸਹਿਣ ਦਾ ਪ੍ਰੋਗਰਾਮ ਅਤੇ ਖਾਣਾ-ਪੀਣਾ ਵੀ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵਿੱਚ ਆਸਾਨੀ ਦੇ ਨਾਲ ਘਟ ਕੀਮਤਾਂ ਉੱਤੇ ਮੁਹਈਆ ਹੋ ਸਕੇਗਾ। ਉਨ੍ਹਾਂ ਲਾਈਵ ਡੈਮੋ ਵੀ ਸਾਡੀ ਟੀਮ ਨੂੰ ਦਿੱਤਾ ਅਤੇ ਦੱਸਿਆ ਕਿ ਡਰੋਨ ਕਿਵੇਂ ਕੰਮ ਕਰਦਾ ਹੈ।