ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਨਵੇਂ ਅਯਾਮ ਸਿਰਜ ਰਹੇ ਹਨ ਪੰਜਾਬ ਮੂਲ ਅਦਾਕਾਰ ਟਾਈਗਰ ਹਰਮੀਕ ਸਿੰਘ, ਜੋ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵੱਡ-ਅਕਾਰੀ ਰੂਪ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਬਦਨਾਮ', ਜਿਸ ਨਾਲ ਪਾਲੀਵੁੱਡ ਵਿੱਚ ਉਹ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਜੱਸੀ ਲੋਹਕਾ, ਜਦਕਿ ਸਕਰੀਨ ਪਲੇਅ ਸਿਧਾਰਥ ਗਰਿਮਾ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਮੁਨੀਸ਼ ਭੱਟ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।
ਪੰਜਾਬ ਤੋਂ ਲੈ ਕੇ ਦੁਨੀਆਂ-ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਅੱਜਕੱਲ੍ਹ ਕਾਫ਼ੀ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਹੋਈ ਹੈ ਇਹ ਐਕਸ਼ਨ ਡ੍ਰਾਮਾ ਫਿਲਮ, ਜਿਸ ਵਿੱਚ ਜੈ ਰੰਧਾਵਾ, ਜੈਸਮੀਨ ਭਸੀਨ ਅਤੇ ਮੁਕੇਸ਼ ਰਿਸ਼ੀ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ ਇਹ ਬਹੁ-ਪੱਖੀ ਅਦਾਕਾਰ ਟਾਈਗਰ ਹਰਮੀਕ ਸਿੰਘ, ਜੋ ਇਸ ਫਿਲਮ ਵਿੱਚ ਅਪਣੇ ਵਿਲੱਖਣ ਅਦਾਕਾਰੀ ਰੋਂਅ ਅਤੇ ਅੰਦਾਜ਼ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।