ਨਵੀਂ ਦਿੱਲੀ: ਅਮਰੀਕੀ ਸੀ-17 ਮਿਲਟਰੀ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੇ ਭਾਰਤੀ ਪ੍ਰਵਾਸੀਆਂ ਨੇ ‘ਡੰਕੀ ਦੇ ਰਸਤੇ’ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਆਏ 104 ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਵਿੱਚੋਂ ਇੱਕ ਨੇ ਦਾਅਵਾ ਕੀਤਾ ਕਿ ਉਸ ਨੂੰ ਪਹਿਲਾਂ ਇਟਲੀ ਅਤੇ ਫਿਰ ਲਾਤੀਨੀ ਅਮਰੀਕਾ ਲਿਜਾਇਆ ਗਿਆ। ਨੌਜਵਾਨ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਸਾਡੇ 30,000 ਤੋਂ 35,000 ਰੁਪਏ ਦੇ ਕੱਪੜੇ ਰਸਤੇ ਵਿੱਚ ਚੋਰੀ ਹੋ ਗਏ।" ਡਿਪੋਰਟ ਹੋਏ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਪਹੁੰਚਣ ਲਈ 15 ਘੰਟੇ ਦੀ ਕਿਸ਼ਤੀ ਦੀ ਸਵਾਰੀ ਕਰਨੀ ਪਈ ਅਤੇ 40-45 ਕਿਲੋਮੀਟਰ ਪੈਦਲ ਚੱਲਣਾ ਪਿਆ।
'ਅਸੀਂ 17-18 ਪਹਾੜੀਆਂ ਪਾਰ ਕੀਤੀਆਂ'
ਨੌਜਵਾਨ ਨੇ ਕਿਹਾ, "ਅਸੀਂ 17-18 ਪਹਾੜੀਆਂ ਨੂੰ ਪਾਰ ਕੀਤਾ। ਜੇਕਰ ਕੋਈ ਪਹਾੜੀ ਤੋਂ ਤਿਲਕ ਜਾਂਦਾ ਤਾਂ ਬਚਣ ਦੀ ਕੋਈ ਆਸ ਨਹੀਂ ਸੀ। ਅਸੀਂ ਬਹੁਤ ਕੁਝ ਦੇਖਿਆ ਹੈ। ਜੇਕਰ ਕੋਈ ਜ਼ਖਮੀ ਹੁੰਦਾ ਤਾਂ ਉਸ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਸੀ। ਅਸੀਂ ਰਸਤੇ ਵਿੱਚ ਲਾਸ਼ਾਂ ਵੀ ਦੇਖੀਆਂ।"
ਇੰਨਾ ਹੀ ਨਹੀਂ ਇੱਕ ਹੋਰ ਡਿਪੋਰਟ ਕੀਤੇ ਗਏ ਜਸਪਾਲ ਸਿੰਘ ਨਾਂ ਦੇ ਨੌਜਵਾਨ ਨੇ ਦਾਅਵਾ ਕੀਤਾ ਕਿ ਉਸ ਨੂੰ ਇੱਕ ਟਰੈਵਲ ਏਜੰਟ ਨੇ ਧੋਖਾ ਦਿੱਤਾ ਸੀ, ਜਿਸ ਨੇ ਉਸ ਨੂੰ ਕਾਨੂੰਨੀ ਤੌਰ 'ਤੇ ਅਮਰੀਕਾ ਲਿਜਾਣ ਦਾ ਵਾਅਦਾ ਕੀਤਾ ਸੀ, "ਮੈਂ ਏਜੰਟ ਨੂੰ ਇੱਕ ਉਚਿਤ ਵੀਜ਼ਾ ਰਾਹੀਂ ਭੇਜਣ ਲਈ ਕਿਹਾ ਸੀ, ਪਰ ਉਸ ਨੇ ਮੇਰੇ ਨਾਲ ਧੋਖਾ ਕੀਤਾ।" ਉਨ੍ਹਾਂ ਦੱਸਿਆ ਕਿ ਇਹ ਸੌਦਾ 30 ਲੱਖ ਰੁਪਏ ਵਿੱਚ ਹੋਇਆ ਸੀ।
ਹਵਾਈ ਜਹਾਜ਼ ਰਾਹੀਂ ਬ੍ਰਾਜ਼ੀਲ ਪਹੁੰਚਿਆ
ਜਸਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਸਾਲ ਜੁਲਾਈ ਵਿੱਚ ਹਵਾਈ ਜਹਾਜ਼ ਰਾਹੀਂ ਬ੍ਰਾਜ਼ੀਲ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਅਮਰੀਕਾ ਯਾਤਰਾ ਦਾ ਅਗਲਾ ਪੜਾਅ ਵੀ ਹਵਾਈ ਜਹਾਜ਼ ਰਾਹੀਂ ਹੋਵੇਗਾ। ਹਾਲਾਂਕਿ, ਉਸਦੇ ਏਜੰਟ ਨੇ ਉਸਨੂੰ ਧੋਖਾ ਦਿੱਤਾ ਅਤੇ ਉਸਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਲਈ ਮਜਬੂਰ ਕੀਤਾ। 6 ਮਹੀਨੇ ਬ੍ਰਾਜ਼ੀਲ ਵਿੱਚ ਰਹਿਣ ਤੋਂ ਬਾਅਦ ਉਹ ਸਰਹੱਦ ਪਾਰ ਕਰਕੇ ਅਮਰੀਕਾ ਚਲਾ ਗਿਆ, ਪਰ ਅਮਰੀਕੀ ਬਾਰਡਰ ਉੱਤੇ ਅਮਰੀਕੀ ਫੌਜ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਸੁਖਬੀਰ ਬਾਦਲ ਨੇ ਪੀਐੱਮ ਮੋਦੀ ਨੂੰ ਕੀਤੀ ਅਪੀਲ
ਸੁਖਬੀਰ ਸਿੰਘ ਬਾਦਲ ਨੇ ਐਕਸ (ਟਵੀਟ) ਉੱਤੇ ਲਿਖਿਆ "ਜਿਸ ਤਰ੍ਹਾਂ ਭਾਰਤੀਆਂ ਨੂੰ ਫੌਜੀ ਜਹਾਜ਼ ਵਿਚ ਹਥਕੜੀਆਂ ਪਾ ਕੇ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ, ਉਹ ਦੇਸ਼ ਦਾ ਅਪਮਾਨ ਹੈ। ਪਰਵਾਸੀ ਹਾਲਾਤਾਂ ਦੇ ਸ਼ਿਕਾਰ ਹੁੰਦੇ ਹਨ ਨਾ ਕਿ ਅਪਰਾਧੀ। ਉਨ੍ਹਾਂ ਨਾਲ ਮਾਨਵੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ਨੂੰ ਅਮਰੀਕੀ ਸਰਕਾਰ ਕੋਲ ਉਠਾਉਣ ਅਤੇ ਇਹ ਯਕੀਨੀ ਬਣਾਉਣ ਕਿ ਭਾਰਤੀਆਂ ਨਾਲ ਇਸ ਤਰ੍ਹਾਂ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ। ਇਹ ਵੀ ਅਤਿ ਨਿੰਦਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਬਦਨਾਮ ਟਰੈਵਲ ਏਜੰਟਾਂ 'ਤੇ ਕੋਈ ਸ਼ਿਕੰਜਾ ਕਸਿਆ ਨਹੀਂ ਜਿਨ੍ਹਾਂ ਨੇ ਪੰਜਾਬੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾ ਕੇ ਉਨ੍ਹਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਹੈ। ਇਨ੍ਹਾਂ ਪ੍ਰਵਾਸੀਆਂ ਦੇ ਮਾਪੇ ਟਰੈਵਲ ਏਜੰਟਾਂ ਨੂੰ ਸਜ਼ਾ ਦੇ ਕੇ ਮੁਆਵਜ਼ੇ ਦੇ ਹੱਕਦਾਰ ਹਨ।"
The manner in which Indians have been deported from the United States in handcuffs on a military plane is an insult to the nation. The migrants are victims of circumstances and not criminals. They should be treated humanely. I urge Prime Minister Sh. @NarendraModi to take up this…
— Sukhbir Singh Badal (@officeofssbadal) February 6, 2025
ਭਾਰਤ ਪਰਤਣ ਤੋਂ ਬਾਅਦ, ਡਿਪੋਰਟ ਕੀਤੇ ਗਏ ਵਿਅਕਤੀਆਂ ਤੋਂ ਹਵਾਈ ਅੱਡੇ ਦੀ ਟਰਮੀਨਲ ਬਿਲਡਿੰਗ ਦੇ ਅੰਦਰ ਪੰਜਾਬ ਪੁਲਿਸ ਅਤੇ ਵੱਖ-ਵੱਖ ਰਾਜ ਅਤੇ ਕੇਂਦਰੀ ਖੁਫੀਆ ਏਜੰਸੀਆਂ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਦੁਆਰਾ ਪੁੱਛਗਿੱਛ ਕੀਤੀ ਗਈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਇੱਕ ਅਮਰੀਕੀ ਸੀ-17 ਫੌਜੀ ਜਹਾਜ਼ ਬੁੱਧਵਾਰ ਨੂੰ ਵੱਖ-ਵੱਖ ਰਾਜਾਂ ਤੋਂ 104 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ। ਇਨ੍ਹਾਂ ਵਿੱਚੋਂ 33-33 ਹਰਿਆਣਾ ਅਤੇ ਗੁਜਰਾਤ, 30 ਪੰਜਾਬ, 3-3 ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਅਤੇ ਦੋ ਚੰਡੀਗੜ੍ਹ ਤੋਂ ਸਨ।