ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦੇ ਬੱਸ ਸਟੈਂਡ ਕੋਲ ਬੁੱਧਵਾਰ ਸ਼ਾਮ ਨੂੰ ਸੁਨਿਆਰੇ ਦਾ ਕੰਮ ਕਰਨ ਵਾਲੇ 2 ਸਕੇ ਭਰਾਵਾਂ 'ਤੇ 3 ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋਵੇਂ ਭਰਾ ਲਵਲੀ ਅਤੇ ਪ੍ਰਿੰਸ ਗੰਭੀਰ ਜ਼ਖਮੀ ਹੋ ਗਏ। ਸਥਾਨਕ ਵਾਸੀ ਨੇ ਦੱਸਿਆ ਜਦੋਂ ਇਨ੍ਹਾਂ ਉੱਤੇ ਫਾਇਰਿੰਗ ਹੋਈ ਤਾਂ ਇੱਕ ਭਰਾ ਨੇ ਬਦਮਾਸ਼ਾਂ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਬਦਮਾਸ਼ ਵੀ ਜ਼ਖਮੀ ਹੋ ਗਿਆ। ਜਦੋਂ ਮੁਲਜ਼ਮ ਜ਼ਖ਼ਮੀ ਹੋਇਆ ਤਾਂ ਬਦਮਾਸ਼ ਫਰਾਰ ਹੋ ਗਏ।
ਕਾਰ ਸਵਾਰ 4 ਬਦਮਾਸ਼ਾਂ ਨੇ ਕੀਤੀ ਫਾਇਰਿੰਗ
ਮੌਕੇ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਦੋਵੇਂ ਭਰਾ ਲਵਲੀ ਅਤੇ ਪ੍ਰਿੰਸ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸਨ ਅਤੇ ਜਦੋਂ ਉਹ ਫਤਿਹਗੜ੍ਹ ਚੂੜੀਆਂ ਦੇ ਬੱਸ ਸਟੈਂਡ ਦੇ ਕੋਲ ਪਹੁੰਚੇ, ਤਾਂ ਕਾਰ 'ਚ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ ਦੌਰਾਨ ਦੋਵੇਂ ਭਰਾ ਜ਼ਖ਼ਮੀ ਹੋ ਗਏ, ਮੌਕੇ ਉੱਤੇ ਮੌਜੂਦ ਲੋਕਾਂ ਨੇ ਜ਼ਖਮੀ ਭਰਾਵਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਘਟਨਾ ਦੀ ਸੂਚਨਾ ਪਰਿਵਾਰ ਅਤੇ ਪੁਲਿਸ ਨੂੰ ਦਿੱਤੀ।
2 ਸਕੇ ਭਰਾ ਹੋਏ ਜਖ਼ਮੀ
ਚਸ਼ਮਦੀਦਾਂ ਨੇ ਦੱਸਿਆ ਕਿ "ਅਸੀਂ 2 ਜਣੇ ਕਾਰ ਵਿੱਚ ਆ ਰਹੇ ਸੀ ਤਾਂ ਅੰਮ੍ਰਿਤਸਰ ਬਾਈਪਾਸ ਤੋਂ ਸਾਡੀ ਕਾਰ ਦਾ ਪਿੱਛਾ ਇੱਕ ਸਵਿੱਫਟ ਕਾਰ ਵਲੋਂ ਕੀਤਾ ਗਿਆ। ਉਸ ਕਾਰ ਵਿੱਚ 4 ਨੌਜਵਾਨ ਸਵਾਰ ਸੀ। ਅਸੀਂ ਜਦੋਂ ਫ਼ਤਿਹਗੜ੍ਹ ਚੂੜੀਆਂ ਬੱਸ ਸਟੈਂਡ ਕੋਲ ਆਪਣੀ ਕਾਰ ਖੜੀ ਕੀਤੀ ਤਾਂ, ਬਦਮਾਸ਼ਾਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਅਸੀਂ ਦੋਵੇਂ ਭਰਾ ਜ਼ਖ਼ਮੀ ਹੋ ਗਏ।"
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਮੌਕੇ 'ਤੇ ਪਹੁੰਚੇ ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਰੀਆਂ ਚੌਕੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਵੇਗੀ।