ਮੋਗਾ: ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਉਤੇ ਇਸ ਵਾਰ ਬਹੁਤ ਹੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਸੀਟ ਤੋਂ ਭਾਜਪਾ ਨੇ ਉੱਘੇ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਜਦਕਿ ਆਮ ਆਦਮੀ ਪਾਰਟੀ (ਆਪ) ਨੇ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਕਰਮਜੀਤ ਅਨਮੋਲ ਲਈ ਮੋਗਾ ਦੇ ਬਾਘਾਪੁਰਾਣਾ ਵਿੱਚ ਕੀਤਾ ਚੋਣ ਪ੍ਰਚਾਰ:ਹੁਣ ਪੰਜਾਬ ਵਿੱਚ ਸਿਆਸੀ ਮਾਹੌਲ ਗਰਮ ਹੋਣ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦਾ ਸਮਰਥਨ ਪਾਉਣ ਲਈ ਮਸ਼ਹੂਰ ਹਸਤੀਆਂ ਨੂੰ ਸ਼ਾਮਿਲ ਕਰਕੇ ਸੁਰਖ਼ੀਆਂ ਬਟੋਰ ਰਹੇ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਸਿਤਾਰੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦਾ ਸਮਰਥਨ ਕਰ ਰਹੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪ ਦੇ ਉਮੀਦਵਾਰ ਅਤੇ ਆਪਣੇ ਕੋ-ਐਕਟਰ ਕਰਮਜੀਤ ਅਨਮੋਲ ਲਈ ਮੋਗਾ ਦੇ ਬਾਘਾਪੁਰਾਣਾ ਵਿੱਚ ਚੋਣ ਪ੍ਰਚਾਰ ਕੀਤਾ।
ਚੋਣ ਪ੍ਰਚਾਰ ਦੌਰਾਨ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ "ਜਿਸ ਤਰੀਕੇ ਨਾਲ ਤੁਹਾਡੇ ਚੋਣ ਪ੍ਰਚਾਰ ਦੌਰਾਨ ਪਿੰਡਾਂ ਦੇ ਪਿੰਡ ਉਮੜ ਕੇ ਆ ਰਹੇ ਨੇ ਇੰਨੇ ਚਾਅ ਦੇ ਨਾਲ ਤੁਹਾਡੀ ਜਿੱਤ ਪੱਕੀ ਹੈ। ਪਿੰਡਾਂ ਵਾਲਿਆਂ ਦਾ ਰੌਲਾ ਇਹੀ ਕਹਿ ਰਿਹਾ ਹੈ ਕਿ ਕਰਮਜੀਤ ਅਨਮੋਲ ਵੱਡੇ ਫਰਕ ਨਾਲ ਜਿੱਤੇਗਾ।"
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ ਕਿ "ਮੈਂ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਹਾਂ ਕਿ ਮੈਂ ਤਾਂ ਫਿਲਮਾਂ ਦੇ ਵਿੱਚ ਹੀ ਕੰਮ ਕਰ ਰਿਹਾ ਹਾਂ ਅਤੇ ਦੁਬਾਰਾ ਫਿਰ ਫਿਲਮਾਂ 'ਚ ਇਹੀ ਕੰਮ ਕਰਨਾ ਹੈ, ਪਰ ਕਰਮਜੀਤ ਅਨਮੋਲ ਇੱਕ ਬਹੁਤ ਹੀ ਵਧੀਆ ਇਨਸਾਨ ਨੇ...ਜਿੱਦਾਂ ਇਹ ਫਿਲਮਾਂ ਦੇ ਵਿੱਚ ਬਹੁਤ ਹੀ ਵਧੀਆ ਰੋਲ ਅਦਾ ਕਰਦੇ ਨੇ...ਉਸੇ ਤਰ੍ਹਾਂ ਹੀ ਇਹ ਹਲਕਾ ਫਰੀਦਕੋਟ ਤੋਂ ਚੋਣ ਜਿੱਤ ਕੇ ਫਰੀਦਕੋਟ ਲੋਕਾਂ ਦੇ ਲਈ ਇੱਕ ਵਧੀਆ ਰੋਲ ਅਦਾ ਕਰਨਗੇ।"