ਚੰਡੀਗੜ੍ਹ: ਸਾਲ 2025 ਦੀ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਪੰਜਾਬੀ ਫਿਲਮ ਵਜੋਂ ਇੰਨੀ ਦਿਨੀਂ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਪੰਜਾਬੀ ਫਿਲਮ 'ਮਧਾਣੀਆਂ', ਜਿਸ ਦਾ ਗਲੋਬਲ ਡਿਸਟਰੀਬਿਊਸ਼ਨ ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਮਾਣ ਕੰਪਨੀ 'ਪਨੋਰਮਾ ਸਟੂਡਿਓਜ਼' ਕਰਨ ਜਾ ਰਹੀ ਹੈ, ਜਿਸ ਸੰਬੰਧਤ ਵੰਡ ਅਧਿਕਾਰ ਹਾਸਿਲ ਕਰਨ ਅਤੇ ਦੇਣ ਦੀ ਕਾਰਵਾਈ ਨੂੰ ਅੱਜ ਦੋਹਾਂ ਧਿਰਾਂ ਵੱਲੋਂ ਰਸਮੀ ਰੂਪ ਵਿੱਚ ਅੰਜ਼ਾਮ ਦੇ ਦਿੱਤਾ ਗਿਆ ਹੈ।
ਪਾਲੀਵੁੱਡ ਫਿਲਮਾਂ ਦੇ ਹੋ ਰਹੇ ਇਸ ਵਿਸਥਾਰ ਅਤੇ ਉਕਤ ਫਿਲਮ ਨੂੰ ਮਿਲ ਰਹੇ ਵੱਡੇ ਡਿਸਟਰੀਬਿਊਸ਼ਨ ਹੁੰਗਾਰੇ ਨੂੰ ਲੈ ਕੇ ਫਿਲਮ ਦੇ ਨਿਰਦੇਸ਼ਕ ਨਵ ਬਾਜਵਾ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸੰਬੰਧੀ ਅਪਣੇ ਖੁਸ਼ੀ ਭਰੇ ਰੋਅ ਦਾ ਇਜ਼ਹਾਰ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ, ਜਿੰਨ੍ਹਾਂ ਅਨੁਸਾਰ ਦੋ ਪਰਿਵਾਰਾਂ ਦੇ ਟੁੱਟਦੇ-ਜੁੜਦੇ ਰਿਸ਼ਤਿਆਂ ਅਤੇ ਇੱਕ ਭਾਵਪੂਰਨ ਪ੍ਰੇਮ ਕਹਾਣੀ ਅਧਾਰਿਤ ਇਹ ਫਿਲਮ ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਇਸ ਫਿਲਮ ਦੀ ਪੂਰੀ ਨਿਰਮਾਣ ਟੀਮ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਬੇਸ਼ੁਮਾਰ ਵੱਡੀਆਂ ਫਿਲਮਾਂ ਨਿਰਮਿਤ ਕਰ ਚੁੱਕੇ ਪਨੋਰਮਾ ਸਟੂਡਿਓਜ਼ ਵੱਲੋਂ ਉਕਤ ਫਿਲਮ ਦੇ ਡਿਸਟਰੀਬਿਊਸ਼ਨ ਨਾਲ ਜੁੜਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨਾਲ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੀ ਇਹ ਫਿਲਮ ਬਿਹਤਰੀਨ ਰੂਪ ਅਤੇ ਵਿਸ਼ਾਲਤਾ ਦਾਇਰੇ ਦਾ ਹਿੱਸਾ ਬਣ ਸਕੇਗੀ।
26 ਸਤੰਬਰ 2025 ਨੂੰ ਸਿਨੇਮਾਘਰਾਂ ਦਾ ਹਿੱਸਾ ਬਣਨ ਜਾ ਰਹੀ ਉਕਤ ਫਿਲਮ ਇਸ ਵਰ੍ਹੇ ਦੀ ਸਭ ਤੋਂ ਪਹਿਲੀ ਅਤੇ ਵੱਡੀ ਮਲਟੀ-ਸਟਾਰਰ ਫਿਲਮ ਹੋਣ ਦਾ ਵੀ ਫਖ਼ਰ ਹਾਸਿਲ ਕਰਨ ਜਾ ਰਹੀ ਹੈ, ਜਿਸ ਦੀ ਸਟਾਰ-ਕਾਸਟ ਵਿੱਚ ਦੇਵ ਖਰੌੜ, ਨਵ ਬਾਜਵਾ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਪੂਨਮ ਢਿੱਲੋਂ, ਨਿਰਮਲ ਰਿਸ਼ੀ, ਨਮਨ ਹੰਜਰਾ, ਬੀ ਐਨ ਸ਼ਰਮਾ, ਮਨੀ ਔਜਲਾ, ਜੈਸਮੀਨ ਅਖ਼ਤਰ, ਜਸਵੰਤ ਸਿੰਘ ਰਾਠੌਰ ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ: