ਅੰਮ੍ਰਿਤਸਰ:- ਪੰਜਾਬ ਪੁਲਿਸ, ਜੀਆਰਪੀ ਤੇ ਆਰਪੀਐਫ ਦੀ ਟੀਮ ਵੱਲੋਂ 26 ਜਨਵਰੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਸਟੇਸ਼ਨ 'ਤੇ ਸਰਚ ਅਭਿਆਨ ਚਲਾਇਆ ਗਿਆ। ਜਿਸਦੇ ਚੱਲਦੇ ਅੰਮ੍ਰਿਤਸਰ ਪੁਲਿਸ ਦੇ ਜਵਾਨਾਂ ਵੱਲੋਂ ਰੇਲਵੇ ਸਟੇਸ਼ਨ 'ਤੇ ਪਹੁੰਚੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਅਤੇ ਯਾਤਰੀਆਂ ਨੂੰ ਲਵਾਰਿਸ਼ ਚੀਜਾਂ ਨੂੰ ਹੱਥ ਨਾ ਲਗਾਉਣ ਦੀ ਅਪੀਲ ਕੀਤੀ ਗਈ।ਪੁਲਿਸ ਨੇ ਕਿਹਾ ਕਿ ਜੇਕਰ ਕੁੱਝ ਵੀ ਸ਼ੱਕੀ ਦਿਖਾਈ ਦੇਵੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਸੁਰੱਖਿਆ ਦੇ ਪੁਖਤਾ ਪ੍ਰਬੰਧ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਏਸੀਪੀ ਅਰਵਿੰਦ ਮੀਨਾ ਨੇ ਦੱਸਿਆ ਕਿ ਸਾਡੇ ਵੱਲੋਂ 26 ਜਨਵਰੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਸੀਸੀਟੀਵੀ ਕੈਮਰਿਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕੋਈ ਸ਼ਰਾਰਤ ਨਾ ਕਰ ਸਕੇ ਅਤੇ ਸ਼ਹਿਰ ਵਾਸੀ ਅਮਨ ਸ਼ਾਤੀ ਨਾਲ ਗਣਤੰਤਰ ਦਿਹਾੜਾ ਮਨਾ ਸਕਣ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵੀ ਵਾਰ-ਵਾਰ ਅਪੀਲ਼ ਕਰ ਰਹੇ ਹਾਂ ਕਿ ਕਿਸੇ ਵੀ ਥਾਂ 'ਤੇ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਵੀ ਸ਼ੱਕੀ ਅਤੇ ਲਵਾਰਿਸ ਵਸਤੂ ਦਿਖਾਈ ਦੇਵੇ ਤਾਂ ਬਿਨਾ ਕਿਸੇ ਦੇਰੀ ਦੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਾਅ ਕੀਤਾ ਜਾਵੇ।
ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਉਧਰ ਦੂਜੇ ਪਾਸੇ ਏ.ਡੀ.ਜੀ.ਪੀ. ਏ.ਐਸ.ਰਾਏ ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਪੁੱਜੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ਤੋਂ ਪੰਜਾਬ ਪੁਲਿਸ ਦੇ 2500 ਜਵਾਨਾਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਵੀ ਪੁਲਿਸ ਥਾਣਿਆਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੀ ਇਸਲਾਮਾਬਾਦ ਪੁਲਿਸ ਚੌਕੀ 'ਤੇ ਹਮਲੇ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਹੋਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਤੁਹਾਨੂੰ ਦੱਸ ਦਈਏ 26 ਜਨਵਰੀ ਨੂੰ ਲੈ ਕੇ ਪੁਰੇ ਦੇਸ਼ ਭਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ। ਸ਼ਹਿਰਾਂ 'ਚ ਫਲੈਗ ਮਾਰਚ ਕੱਢੇ ਜਾਂਦੇ ਹਨ। ਹਰ ਆਉਂਦੇ ਜਾਂਦੇ ਵਾਹਨ ਦੀ ਚੈਕਿੰਗ ਲਈ ਪੁਲਿਸ ਵੱਲੋਂ ਨਾਕੇ ਲਗਾਏ ਜਾਂਦੇ ਹਨ ਤਾਂ ਜੋ ਦੇਸ਼ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਕੀਤੀ ਜਾਵੇ।