ਜੌਨਪੁਰ: ਐਤਵਾਰ ਦੇਰ ਰਾਤ ਸਿਕਰਾਰਾ ਇਲਾਕੇ ਦੇ ਸਮਾਧਗੰਜ ਬਾਜ਼ਾਰ ਨੇੜੇ ਰੋਡਵੇਜ਼ ਦੀ ਬੱਸ ਨੇ ਮਜ਼ਦੂਰਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਸਾਰੇ ਵਰਕਰ ਕਾਸਟਿੰਗ ਕਰਕੇ ਵਾਪਸ ਪਰਤ ਰਹੇ ਸਨ। ਬੱਸ ਯਾਤਰੀਆਂ ਨੂੰ ਲੈ ਕੇ ਪ੍ਰਯਾਗਰਾਜ ਤੋਂ ਗੋਰਖਪੁਰ ਜਾ ਰਹੀ ਸੀ। ਇਸ ਹਾਦਸੇ 'ਚ 6 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਐਸਪੀ ਦਿਹਾਤੀ ਡਾਕਟਰ ਸ਼ੈਲੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 12:30 ਵਜੇ ਯੂਪੀ ਰੋਡਵੇਜ਼ ਦੀ ਇੱਕ ਬੱਸ ਪ੍ਰਯਾਗਰਾਜ ਤੋਂ ਗੋਰਖਪੁਰ ਜਾ ਰਹੀ ਸੀ। ਇਸ ਦੌਰਾਨ ਇੱਕ ਟਰੈਕਟਰ-ਟਰਾਲੀ ਵੀ ਮਜ਼ਦੂਰਾਂ ਨੂੰ ਘਰ ਦੀ ਮੋਲਡਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਲੈ ਕੇ ਜਾ ਰਹੀ ਸੀ। ਇਸ ਵਿਚਾਲੇ ਸਿਕਰਾਰਾ ਇਲਾਕੇ ਦੇ ਸਮਾਧਗੰਜ ਬਾਜ਼ਾਰ ਨੇੜੇ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ।
ਗੱਡੀ ਹੇਠ ਦੱਬੀਆਂ ਸੀ ਲਾਸ਼ਾਂ : ਹਾਦਸੇ 'ਚ 5 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਟਰੈਕਟਰ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਜਿਥੇ ਇੱਕ ਹੋਰ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਆਸ-ਪਾਸ ਦੇ ਪਿੰਡ ਵਾਸੀ ਸੁੱਤੇ ਹੋਏ ਸਨ। ਰੌਲਾ ਸੁਣ ਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ।