ਸ਼੍ਰੀਨਗਰ:ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਫੌਜ ਦਾ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਕਾਰਨ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹੈ।
ਖੱਡ ਵਿੱਚ ਡਿੱਗ ਗਈ ਫੌਜ ਦੀ ਗੱਡੀ
ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਦੇ ਐਸਕੇ ਪਯਾਨ ਦੇ ਕੋਲ ਫੌਜ ਦਾ ਇੱਕ ਵਾਹਨ ਸੜਕ ਤੋਂ ਫਿਸਲ ਗਿਆ ਅਤੇ ਇੱਕ ਖੱਡ ਵਿੱਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਫੌਜੀਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਮੈਡੀਕਲ ਹਸਪਤਾਲ 'ਚ ਲਿਜਾਇਆ ਗਿਆ।
ਦੋ ਜਵਾਨ ਹਾਦਸੇ 'ਚ ਹੋਏ ਸ਼ਹੀਦ
ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜ਼ਿਲ੍ਹਾ ਹਸਪਤਾਲ ਬਾਂਦੀਪੋਰਾ ਦੇ ਮੈਡੀਕਲ ਸੁਪਰਡੈਂਟ ਡਾਕਟਰ ਮਸਰਤ ਇਕਬਾਲ ਵਾਨੀ ਨੇ ਦੱਸਿਆ, "ਇੱਥੇ 5 ਜ਼ਖਮੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ, 3 ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਸ਼੍ਰੀਨਗਰ ਰੈਫਰ ਕਰ ਦਿੱਤਾ ਗਿਆ ਹੈ। ..."
ਪਹਿਲਾਂ ਵੀ ਹੋ ਚੁੱਕੇ ਅਜਿਹੇ ਵੱਡੇ ਹਾਦਸੇ
ਪਿਛਲੇ 20 ਦਿਨਾਂ ਵਿੱਚ ਫੌਜ ਦੇ ਵਾਹਨ ਨਾਲ ਹਾਦਸਾ ਹੋਣ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ 24 ਦਸੰਬਰ, 2024 ਨੂੰ ਪੁੰਛ ਜ਼ਿਲ੍ਹੇ ਵਿੱਚ ਐਲਓਸੀ ਨੇੜੇ ਫੌਜ ਦਾ ਇੱਕ ਵਾਹਨ ਸੜਕ ਤੋਂ ਤਿਲਕ ਕੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ ਸੀ। ਇਸ ਹਾਦਸੇ 'ਚ 5 ਜਵਾਨ ਸ਼ਹੀਦ ਹੋ ਗਏ ਸਨ ਅਤੇ ਡਰਾਈਵਰ ਸਮੇਤ 5 ਹੋਰ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ।