ਨਵੀਂ ਦਿੱਲੀ—ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਜਦੋਂ ਤੋਂ ਜੈਕਲੀਨ ਦਾ ਨਾਂ ਸੁਕੇਸ਼ ਨਾਲ ਜੁੜਿਆ ਹੈ, ਉਦੋਂ ਤੋਂ ਉਨ੍ਹਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਹੁਣ ਇਕ ਵਾਰ ਫਿਰ ਜੈਕਲੀਨ ਸੁਕੇਸ਼ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਨਿਸ਼ਾਨੇ 'ਤੇ ਹੈ। ਈਡੀ ਨੇ ਬੁੱਧਵਾਰ ਨੂੰ ਅਭਿਨੇਤਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ, ਪਰ ਉਹ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਈ। ਜੈਕਲੀਨ ਦੀ ਕਾਨੂੰਨੀ ਟੀਮ ਨੇ ਈਡੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੁਝ "ਸਿਹਤ ਸੰਬੰਧੀ ਮੁੱਦਿਆਂ" ਕਾਰਨ ਗਵਾਹੀ ਦੇਣ ਵਿੱਚ ਅਸਮਰੱਥ ਹੈ।
ਜੈਕਲੀਨ 'ਤੇ ਦੋਸ਼ ਹੈ ਕਿ ਸੁਕੇਸ਼ ਨੇ ਫੋਰਟਿਸ ਦੇ ਸਾਬਕਾ ਹੈਲਥ ਕੇਅਰ ਪ੍ਰਮੋਟਰ ਸ਼ਿਵੇਂਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਤੋਂ ਕਥਿਤ ਤੌਰ 'ਤੇ 200 ਕਰੋੜ ਰੁਪਏ ਲਏ ਸਨ, ਜਿਸ ਤੋਂ ਅਭਿਨੇਤਰੀ ਨੂੰ ਵੀ ਫਾਇਦਾ ਹੋਇਆ ਸੀ। ਚੰਦਰਸ਼ੇਖਰ ਨੇ ਫਰਨਾਂਡੀਜ਼ ਲਈ ਤੋਹਫ਼ੇ ਖਰੀਦਣ ਲਈ ਇਹਨਾਂ "ਅਪਰਾਧ ਦੀ ਕਮਾਈ" ਜਾਂ ਗੈਰ ਕਾਨੂੰਨੀ ਪੈਸੇ ਦੀ ਵਰਤੋਂ ਕੀਤੀ। ਸੂਤਰਾਂ ਨੇ ਕਿਹਾ ਕਿ ਏਜੰਸੀ ਨੂੰ ਇਸ ਮਾਮਲੇ ਵਿੱਚ ਕੁਝ "ਤਾਜ਼ੇ" ਇਨਪੁਟ ਮਿਲੇ ਹਨ ਅਤੇ ਇਸ ਲਈ ਅਭਿਨੇਤਰੀ ਨੂੰ ਜਵਾਬ ਮੰਗਣ ਲਈ ਅੱਜ ਬੁਲਾਇਆ ਗਿਆ ਸੀ।