ਅਕਸਰ ਵਿਵਾਦਾਂ 'ਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਮਹਿਕਮਾ ਬਦਲਣ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਬੈਂਸ ਨੇ ਸਿੱਧੂ ਨੂੰ 2022 ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਗੱਲ ਕਹੀ ਹੈ। ਸਿਮਰਜੀਤ ਬੈਂਸ ਨੇ ਸਿੱਧੂ ਨੂੰ ਇਮਾਨਦਾਰ ਦੱਸਦਿਆਂ ਕਿਹਾ ਕਿ ਸਿੱਧੂ ਨੇ ਡੇਢ ਮਹੀਨੇ ਰਾਹੁਲ ਗਾਂਧੀ ਦੇ ਨਾਲ ਦੇਸ਼ ਭਰ 'ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਕੀਤਾ। ਪਰ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦਾ ਕੋਈ ਵੀ ਖਿਆਲ ਨਹੀਂ ਰੱਖਿਆ। ਕੁੰਵਰ ਵਿਜੇ ਪ੍ਰਤਾਪ ਨੂੰ ਬੈਂਸ ਨੇ ਇੱਕ ਇਮਾਨਦਾਰ ਪੁਲਿਸ ਅਫ਼ਸਰ ਦੱਸਦਿਆਂ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਇੱਕੋ ਹੀ ਹਨ ਅਤੇ ਬੀਜੇਪੀ ਅਕਾਲੀ ਦਲ ਦੀ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ ਬੈਂਸ ਨੇ ਕਿਹਾ ਕਿ ਜੇ ਪੰਜਾਬ 'ਚੋਂ ਨਸ਼ਾ ਖ਼ਤਮ ਕਰਨਾ ਹੈ ਤਾਂ ਹਰ ਇੱਕ ਪੰਜਾਬੀ ਨੂੰ ਸਹਿਯੋਗ ਦੇਣਾ ਪਵੇਗਾ।